ਇਹ ਸਫ਼ਾ ਪ੍ਰਮਾਣਿਤ ਹੈ
ਕਹੈ ਹੁਸੈਨ ਫ਼ਕੀਰ ਨਿਮਾਣਾ,
ਨੈਣ ਨੈਣਾਂ ਨਾਲਿ ਗੱਡਿ ਵੇ ਅੜਿਆ।
(28)
ਪਿਆਰੇ ਬਿਨ ਰਾਤੀਂ ਹੋਈਆਂ ਵਡੀਆਂ।
ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰਿ ਕਰਿ ਛਡੀਆਂ।
ਮਾਸ ਝਰੇ ਝਰਿ ਪਿੰਜਰ ਹੋਇਆ
ਕਰਕਨ ਲਗੀਆਂ ਹੱਡੀਆਂ।
ਮੈਂ ਇਆਣੀ ਨੇਹੁੰ ਕੀ ਜਾਣਾ,
ਬਿਰਹੁ ਤਨਾਵਾਂ ਗੱਡੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ
ਦਾਵਣੁ ਤੇਰੇ ਮੈਂ ਲੱਗੀਆਂ।
ਪਾਠਾਂਤਰ (28)
ਸੱਜਣ ਬਿਨ ਰਾਤੀ ਹੋਈਆਂ ਵੱਡੀਆਂ।
ਮਾਸ ਝੜੇ ਝੜ ਪਿੰਜਰ ਹੋਇਆ,
ਕਣ-ਕਣ ਹੋਈਆਂ ਹੱਡੀਆਂ।
ਇਸ਼ਕ ਛੁਪਾਇਆ ਛੁਪਦਾ ਨਾਹੀਂ,
ਬਿਰਹੋਂ ਤਾਣਾਵਾਂ ਗੱਡੀਆਂ।
ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰ ਕਰ ਸੱਦੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਮਨ ਤੇਰੇ ਲੱਗੀਆਂ।
(29)
ਸਜਣਾਂ, ਅਸੀਂ ਮੋਰੀਓਂ ਲੰਘ ਪਇਆਸੇ।
ਭਲਾ ਹੋਇਆ ਗੁੜ ਮੱਖੀਆਂ ਖਾਧਾ,
ਅਸੀਂ ਭਿਣ ਭਿਣਾਟੋਂ ਛੁਟਿਆਸੇ।
23