ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਤੰਦ ਟੁੱਟੀ ਅਟੇਰਨ ਭੰਨਾ,
ਚਰਖੇ ਦੀ ਕਰ ਕਾਰੀ।
ਕਹੇ ਹੁਸੈਨ ਫ਼ਕੀਰੁ ਸਾਈਂ ਦਾ,
ਅਮਲਾਂ ਬਾਝੁ ਖ਼ੁਆਰੀ।
(57)
ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ,
ਫੇਰ ਨਾ ਹੋਸੀਆ ਰੰਗੁਲਾ ਚੂੜਾ,
ਵਤਿ ਨ ਹੋਸੀਆ ਅਹਿਲ ਜੁਆਨੀ,
ਹੱਸ ਲੈ ਖੇਡ ਲੈ ਨਾਲ ਦਿਲ-ਜਾਨੀ,
ਮੂੰਹਿ ਤੇ ਪਉਸੀਆ ਖ਼ਾਕ ਦਾ ਧੂੜਾ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਥੀਸੀ ਰੱਬ ਡਾਢੇ ਦਾ ਭਾਣਾ,
ਚੱਲਣਾ ਹੀ ਤਾਂ ਬੰਨ ਲੈ ਮੂੜ੍ਹਾ।
(58)
ਕੇੜ੍ਹੇ ਦੇਸੋਂ ਆਈਓਂ ਨੀ ਕੁੜੀਏ,
ਤੈਂ ਕੇਹਾ ਸ਼ੋਰ ਮਚਾਇਓਂ ਕਿਉਂ?
ਅਪੁਨਾ ਸੂਤ ਤੈਂ ਆਪੁ ਵੰਝਾਇਆ,
ਦੋਸੁ ਜੁਲਾਹੇ ਨੂੰ ਲਾਇਓ ਕਿਉਂ?
ਤੇਰੇ ਅੱਗੇ ਅੱਗੇ ਚਰਖਾ,
ਪਿੱਛੇ ਪਿੱਛੇ ਪੀਹੜਾ
ਕੱਤਨੀ ਹੈਂ ਹਾਲ ਭਲੇਰੇ ਕਿਉਂ?
ਛੱਲੜੀਆਂ ਪੰਜ ਪਾਇ ਪਛੋਟੇ,
ਜਾਇ ਬਜ਼ਾਰ ਖਲੋਵੇਂ ਕਿਉਂ?
ਨਾਲ ਸਰਾਫਾਂ ਦੇ ਝੇੜਾ ਤੇਰਾ,
ਲੇਖਾ ਦੇਂਦੀ ਤੂੰ ਰੋਵੇਂ ਕਿਉਂ?
38