ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਜੋ ਕਿਛੁ ਕੀਤਾ ਬੁਰਾ ਭਲਾ ਵੋ,
ਕੀਤਾ ਆਪਣਾ ਪਾਵਣਾ।
ਆਦਮੀਓਂ ਫਿਰ ਮੁਰਦਾ ਕੀਤਾ,
ਮਿੱਤਰ ਪਿਆਰਿਆਂ ਤੇਰਾ ਚੋਲਾ ਸੀਤਾ,
ਗੋਰ ਮੰਨਜ਼ਲ ਪਹੁੰਚਾਵਣਾ।
ਚਾਰ ਦਿਹਾੜੇ ਗੋਇਲ ਵਾਸਾ,
ਕਿਆ ਜਾਣਾ ਕਿਤ ਢੁਲਸੀ ਵੋ ਪਾਸਾ,
ਬਾਲਕ ਮਨ ਪਰਚਾਵਣਾ।
ਚਹੁੰ ਜਣਿਆਂ ਮਿਲ ਝੁਲਮ ਝੋਲੀ,
ਕੰਧੇ ਉਠਾਇ ਲੀਤਾ ਡੰਡਾ ਡੋਲੀ,
ਜੰਗਲ ਜਾਇ ਵਸਾਵਣਾ।
ਕਹੈ ਹੁਸੈਨ ਫ਼ਕੀਰ ਰੱਬਾਣਾ,
ਕੂੜ ਕੂੜਾਵਾ ਕਰਦਾ ਈ ਮਾਣਾ,
ਖਾਕੂ ਦੇ ਵਿੱਚ ਸਮਾਵਣਾ।
(102)
ਰਹੀਏ ਵੇ ਨਾਲ ਸਜਣ ਦੇ ਰਹੀਏ ਹੋ।
ਲਖ ਲਖ ਬਦੀਆਂ ਤੇ ਸਉ ਤਾਹਨੇ
ਸਭੋ ਸਿਰ ਤੇ ਸਹੀਏ ਵੋ।
ਤੋੜੇ ਸਿਰ ਵੰਞੇ ਧੜ ਨਾਲੋਂ,
ਤਾਂ ਭੀ ਹਾਲ ਨਾ ਕਹੀਏ ਵੋ।
ਸੁਖਨ ਜਿਨਾ ਦਾ ਹੋਵੈ ਦਾਰੂ,
ਹਾਲ ਉਥਾਈ ਕਹੀਏ ਵੋ।
ਚੰਦਨ ਰੁਖ ਲਗਾ ਵਿੱਚ ਵਿਹੜੇ,
ਜ਼ੋਰ ਧਿਙਾਂਣੇ ਖਹੀਏ ਵੋ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜੀਵੰਦਿਆਂ ਮਰ ਰਹੀਏ ਵੋ।
61