ਇਹ ਵਰਕੇ ਦੀ ਤਸਦੀਕ ਕੀਤਾ ਹੈ
ਸ਼ਾਹ ਹੁਸੈਨ ਫ਼ਕੀਰ ਰੱਬਾਣਾ,
ਸੋ ਹੋਸੀ ਜੋ ਰੱਬ ਦਾ ਭਾਣਾ,
ਓੜਕ ਇਥੋਂ ਉਥੇ ਪੁਜ ਜਾਣਾ,
ਇਸ ਵੇਲੇ ਨੂੰ ਪੱਛੋਤਾਸੀ।
(110)
ਨੀ ਮਾਏ, ਮੈਨੂੰ ਖੇੜਿਆਂ ਦੀ,
ਗਲਿ ਨਾ ਆਖਿ।
ਰਾਂਝਣ ਮੈਂਹਡਾਂ, ਮੈਂ ਰਾਂਝਣ ਦੀ,
ਖੇੜਿਆਂ ਨੂੰ ਕੂੜੀ ਝਾਕੁ।
ਲੋਕੁ ਜਾਣੈ ਹੀਰ ਕਮਲੀ ਹੋਈ,
ਹੀਰੇ ਦਾ ਵਰ ਚਾਕੁ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਣਦਾ ਮਉਲਾ ਆਪ।
(111)
ਪਾਵੇਂਗਾ ਦੀਦਾਰੁ ਸਾਹਿਬ ਦਾ,
ਫ਼ਕੀਰਾ ਹੋਰ ਭੀ ਨੀਵਾਂ ਹੋਇ।
ਟੋਪੀ ਮੈਲੀ ਸਾਬਣ ਥੋੜਾ,
ਬਹਿ ਕਿਨਾਰੇ ਧੋਇ।
ਮੀਣੀ ਢੱਗੀ ਨਾਮ ਸਾਈਂ ਦਾ,
ਅੰਦਰਿ ਬਹਿ ਕਰਿ ਚੋਇ।
ਉੱਛਲ ਨਦੀਆਂ ਤਾਰੂ ਹੋਈਆਂ,
ਮੈਂ ਕੰਢੇ ਰਹੀ ਖਲੋਇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਣੀ ਹੋਇ ਸੋ ਹੋਇ।
66