ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(116)
ਬਾਬੂ ਸੱਜਣ ਮੈਨੂੰ ਹੋਰ ਨਹੀਂ ਸੁਝਦਾ।
ਮਨ ਤਨੂਰ ਆਹੀਂ ਦੇ ਅਲੰਬੇ,
ਸੇਜ ਚੜੀਦਾ ਮੈਂਡਾ ਤਨ ਮਨ ਭੁਜਦਾ।
ਤਨ ਦੀਆਂ ਤਨ ਜਾਣੇ,
ਮਨ ਦੀਆਂ ਮਨ ਜਾਣੇ,
ਮਹਰਮੀਂ ਹੋਇ ਸੁ ਦਿਲ ਦੀਆਂ ਬੁਝਦਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੋਕ ਬਖੀਲਾ ਪਚਿ ਪਚਿ ਲੁਝਦਾ।
(117)
ਬਾਬਲ ਗੰਢਾਂ ਪਾਈਆਂ,
ਦਿਨ ਥੋੜੇ ਪਾਏ।
ਦਾਜ ਵਿਹੂਣੀ ਮੈਂ ਚੱਲੀ,
ਮੁਕਲਾਉੜੇ ਆਏ।
ਗੰਢਾਂ ਖੁਲ੍ਹਣਿ ਤੇਰੀਆਂ, ਤੈਨੂੰ ਖਬਰ ਨੇ ਕਾਈ।
ਇਸ ਵਿਛੋੜੇ ਮਉਤ ਦੇ, ਕੋਈ ਭੈਣਿ ਨ ਭਾਈ।
ਆਵਹੁ ਮਿਲਹੁ ਸਹੇਲੜੀਓ, ਮੈਂ ਚੜਨੀ ਹਾਂ ਖਾਰੇ।
ਵੱਤ ਨਾ ਮੇਲਾ ਹੋਸੀਆ, ਹੁਣ ਏਹੋ ਵਾਰੇ।
ਮਾਂ ਰੋਵੰਦੀ ਜ਼ਾਰ ਜ਼ਾਰ, ਭੈਣ ਖੜੀ ਪੁਕਾਰੇ॥
ਅਜ਼ਰਾਈਲ ਫ਼ਰਿਸ਼ਤਾ ਲੈ ਚਲਿਆ ਵਿਚਾਰੇ।
ਇਕ ਅੰਨ੍ਹੇਰੀ ਕੋਠੜੀ, ਦੁਜਾ ਦੀਵਾ ਨਾ ਬਾਤੀ।
ਬਾਹੋਂ ਪਕੜ ਜਮ ਲੈ ਚਲੇ, ਕੋਈ ਸੰਗ ਨਾ ਸਾਥੀ।
ਖੁਦੀ ਤੱਕਬਰੀ ਬੰਦਿਆ ਛੋਡਿ ਦੇ, ਤੂੰ ਪਕੜ ਹਲੀਮੀ।
ਗੋਰ ਨਿਮਾਣੀ ਨੂੰ ਤੂੰ ਯਾਦਿ ਕਰਿ, ਤੇਰਾ ਵਤਨੁ ਕਦੀਮੀ।
69