ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੱਥ ਮਰੋੜੇ ਸਿਰ ਧੂਣੇ, ਵੇਲਾ ਛਲਿ ਜਾਸੀ।
ਕਹੈ ਹੁਸੈਨ ਫ਼ਕੀਰ ਨਿਮਾਣਾ, ਮਿੱਤਰ ਹੋਇ ਉਦਾਸੀ।

(118)


ਬਾਲਪਣ ਖੇਡ ਲੈ ਕੁੜੀਏ ਨੀ,
ਤੇਰਾ ਅੱਜ ਕਿ ਕੱਲ ਮੁਕਲਾਵਾ।

ਖੇਨੁੜਾ ਖਿਡੰਦੀਏ ਕੁੜੀਏ,
ਕੰਨੁ ਸੋਇਨੇ ਦਾ ਵਾਲਾ।

ਸਾਹੁਰੜੇ ਘਰਿ ਅਲਬਤ ਜਾਣਾ।
ਪੇਈਏ ਕੂੜਾ ਦਾਵਾ।

ਸਾਵਣ ਮਾਂਹ ਸੁਰੰਗੜਾ ਆਇਆ।
ਦਿੱਸਣ ਸਾਵੇਂ ਤੱਲੋ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅੱਜ ਆਏ ਕੱਲ ਚੱਲੇ।

(119)


ਬੁਰੀਆਂ, ਬੁਰੀਆਂ, ਬੁਰੀਆਂ ਵੇ, ਅਸੀਂ ਬੁਰੀਆਂ ਵੇ ਲੋਕਾ।
ਬੁਰੀਆਂ ਕੋਲ ਨਾ ਬਹਾਵੇ,
ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਬਿਰਹੁੰ ਦੀਆਂ ਛੁਰੀਆਂ ਵੇ ਲੋਕਾ।

ਲਡਿ ਸਜਣ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰਕੇ ਮੁੜੀਆਂ ਵੇ ਲੋਕਾ।

ਜੋ ਤੂੰ ਤਖਤ ਹਜ਼ਾਰੇ ਦਾ ਸਾਈਂ,
ਅਸੀਂ ਸਿਆਲਾਂ ਦੀ ਕੁੜੀਆਂ ਵੇ ਲੋਕਾ।

ਸਾਂਝ-ਪਾਤਿ ਕਾਹੂੰ ਸੋ ਨਾਹੀਂ।
ਸਾਈਂ ਖੋਜਨਿ ਅਸੀਂ ਟੁਰੀਆਂ ਵੇ ਲੋਕਾ।

70