ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/73

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਜਿਨ੍ਹਾਂ ਸਾਈਂ ਦਾ ਨਾਉਂ ਨ ਲੀਤਾ,
ਓੜਕ ਨੂੰ ਉਹ ਝੁਰੀਆਂ ਵੇ ਲੋਕਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਾਹਿਬ ਸਿਉ ਅਸੀਂ ਜੁੜੀਆਂ ਵੇ ਲੋਕਾ।

(120)


ਬੰਦੇ ਆਪੁ ਨੂੰ ਪਛਾਣਿ,
ਜੇ ਤੈਂ ਆਪਣਾ ਆਪ ਪਛਾਤਾ,
ਸਾਈਂ ਦਾ ਮਿਲਣ ਆਸਾਨੁ।
ਸੁਇਨੇ ਦੇ ਕੋਟੁ ਰੁਪਹਿਰੀ ਛੱਜੇ
ਹਰਿ ਬਿਨ ਜਾਣਿ ਮਸਾਣਿ।

ਤੇਰੇ ਸਿਰ ਤੇ ਜਮ ਸਾਜਸ਼ ਕਰਦਾ,
ਭਾਵੇਂ ਤੂੰ ਜਾਣ ਨਾ ਜਾਣ।

ਸਾਢੇ ਤਿੰਨ ਹਥਿ ਮਿਲਖ ਤੁਸਾਡੀ,
ਏਡੇ ਤੂੰ ਤਾਣੇ ਨਾ ਤਾਣੁ।
ਸੁਇਨਾ ਰੁਪਾ ਤੇ ਮਾਲੁ ਖਜ਼ੀਨਾ,
ਹੋਇ ਰਹਿਆ ਮਹਿਮਾਨੁ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਛਡਿ ਦੇ ਖੁਦੀ ਤੇ ਗੁਮਾਨ।

(121)


ਮਹਿਬੂਬਾ ਫ਼ਕੀਰਾਂ ਦਾ, ਸਾਈਂ ਨਿਗਾਹਵਾਨ,
ਜ਼ਾਹਿਰ ਬਾਤਨ ਇਕ ਕਰਿ ਜਾਣਨਿ,
ਸਭ ਮੁਸ਼ਕਲ ਥੀਆ ਅਸਾਨਿ।

ਸ਼ਾਦੀ ਗਮੀ ਨ ਦਿਲ ਤੇ ਆਨਣਿ,
ਸਦਾ ਰਹਿਣ ਮਸਤਾਨ।

ਕਹੈ ਹੁਸੈਨ ਥਿਰ ਸਚੇ ਸੇਈ,
ਹੋਰ ਫ਼ਾਨੀ ਕੁਲ ਜਹਾਨ।
                  

71