ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/75

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਸਾਨੂੰ ਜੇ ਕੋਈ ਮਿਲੇ ਵੋ ਗਰਾਂਵ ਦਾ,
ਜੈ-ਘਟਿ ਆਇ ਵਸਿਆ ਮੇਰਾ ਪਿਆਰਾ,
ਉਥੈ ਦੂਜਾ ਨਹੀਂ ਸਮਾਂਵਦਾ।

ਸਭ ਜਗ ਢੂੰਢਿ ਬਹੁਤੇਰਾ ਮੈਨੂੰ,
ਤੁਧ ਬਿਨੁ ਹੋਰ ਨਾ ਭਾਂਵਦਾ,
ਸ਼ਾਹ ਹੁਸੈਨ ਪਇਆ ਦਰ ਤੇਰੇ,
ਸਾਈਂ ਤਾਲਬ, ਤੇਰੜੇ ਨਾਂਵ ਦਾ।

(125)


ਮਾਏ ਨੀ ਕੈਨੂੰ ਆਖਾਂ,
ਦਰਦੁ ਵਿਛੋੜੇ ਦਾ ਹਾਲਿ।

ਧੂੰਆਂ ਧੁਖੇ ਮੇਰੇ ਮੁਰਸ਼ਦਿ ਵਾਲਾ,
ਜਾਂ ਫੋਲਾਂ ਤਾਂ ਲਾਲ।

ਸੂਲਾਂ ਮਾਰ ਦਿਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖ਼ਿਆਲ।

ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ,
ਆਹੀਂ ਦਾ ਬਾਲਣੁ ਬਾਲਿ।

ਜੰਗਲ ਬੇਲੇ ਫਿਰਾਂ ਢੂੰਢੇਂਦੀ,
ਅਜੇ ਨਾ ਪਾਇਓ ਲਾਲ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਸ਼ਹੁ ਮਿਲੇ ਤਾਂ ਥੀਵਾਂ ਨਿਹਾਲਿ।

ਪਾਠਾਂਤਰ (125)


ਦਰਦ ਵਿਛੋੜੇ ਦਾ ਹਾਲ ਨੀ ਮੈਂ ਕੈਨੂੰ ਆਖਾਂ।
ਸੂਲਾਂ ਮਾਰ ਦੀਵਾਨੀ ਕੀਤੀ ਬਿਰਹੁੰ ਪਇਆ ਸਾਡੇ ਖਿਆਲ
ਨੀ ਮੈਂ ਕੈਨੂੰ ਆਖਾਂ।

73