ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੜਦਾ ਪਾੜ ਡਿੱਠੋ ਨੇ ਪ੍ਰੀਤਮੁ,
ਦੂਤ ਮੁਏ ਸਭੁ ਪੱਚੀ।

ਜ਼ਹਿਰੀ ਨਾਗ ਫਿਰਨਿ ਵਿਚ ਗਲੀਏਂ,
ਜਿਹੜੀ ਸ਼ਹੁ ਲੜ ਲੱਗੀ ਸੋ ਬਚੀ।
ਕਹੈ ਹੁਸੈਨ ਸੁਹਾਗਨਿ ਸਾਈ,
ਜੋ ਗਿਲ ਥੀਂ ਵਾਦੀ ਨੱਚੀ।

(130)


ਮੁਸ਼ਕਲ ਘਾਟ ਫ਼ਕੀਰੀ ਦਾ ਵੋ,
ਪਾਈ ਕੁਠਾਲੀ ਦੁਰਮਤਿ ਗਾਲੀ,
ਕਰਮ ਜਗਾਇ ਸ਼ਰੀਰੀ ਦਾ ਵੋ।

ਛੋਡਿ ਤਕੱਬਰੀ ਪਕੜਿ ਹਲੀਮੀ,
ਰਾਹਿ ਪਕੜੋ ਸ਼ੀਰੀ ਦਾ ਵੋ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦਫ਼ਤਰ ਪਾੜੋ ਮੀਰੀ ਦਾ ਵੋ।

(131)


ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀਆਂ।
ਮਨਹੁ ਨਾ ਵਿਸਾਰੀਂ ਤੂੰ ਮੈਨੂੰ ਮੇਰੇ ਸਾਹਿਬਾ,
ਹਰਿ ਗੱਲੋਂ ਮੈਂ ਚੁਕੀ ਆਂ।

ਅਉਗੁਣਿਆਰੀ ਨੂੰ ਕੋ ਗੁਣੁ ਨਾਹੀਂ,
ਬਖਸਿ ਕਰੈਂ ਤਾਂ ਮੈਂ ਛੁਟੀਆਂ।

ਜਿਉਂ ਭਾਵੈ ਤਿਉਂ ਰਾਖ ਪਿਆਰਿਆ,
ਦਾਵਣ ਤੇਰੇ ਮੈਂ ਲੁੱਕੀਆਂ।

ਜੇ ਤੂੰ ਨਜ਼ਰ ਮਿਹਰ ਦੀ ਪਾਵੇਂ,
ਚੜਿ ਚਉਬਾਰੇ ਮੈਂ ਸੁੱਤੀ ਆਂ।