ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੋਈ ਸੰਤ ਤਬੀਬ ਮਿਲਾਉਂਦਾ ਹੈ।
ਕਹੈ ਹੁਸੈਨ ਫ਼ਕੀਰ ਰਬਾਣਾ,
ਜੋ ਲਿਖਿਆ ਸੋਈ ਹੋਂਦਾ ਹੈ।
(146)
ਲਟਕਦੀ ਲਟਕਦੀ ਨੀ ਮਾਏ,
ਹਰਿ ਬੋਲੈ ਰਾਮੁ ਲਟਕਦੀ ਸਾਹੁਰੇ ਚੱਲੀ।
ਸੱਸ ਨਣਾਨਾਂ ਦੇਵਣਿ ਤਾਅਨੇ,
ਫਿਰਦੀ ਹੈਂ ਘੁੰਘਟ ਖੁੱਲੀ।
ਭੋਲੜੀ ਮਾਏ ਕਸੀਦੜੇ ਪਾਇਆ,
ਮੈਂ ਕਢ ਨਾ ਜਾਣਦੀ ਝਲੀ।
ਬਾਬਲੂ ਦੇ ਘਰਿ ਕੁੱਝ ਨਾ ਵੱਟਿਆ,
ਤੇ ਕੁੱਝ ਨਾ ਖੱਟਿਆ,
ਮੇਰੇ ਹੱਥਿ ਨੀ ਅਟੇਰਨੁ ਛੱਲੀ।
ਨਾਲ ਜਿਨ੍ਹਾਂ ਦੇ ਅਤਣ ਬਹਿੰਦੀ,
ਦੇਖਦੀ ਸੁਣਦੀ ਵਾਰਤਾ ਕਹਿੰਦੀ,
ਹੁਣਿ ਪਕੜਿ ਤਿਨਾਹਾਂ ਘੱਲੀ।
ਡਾਢੇ ਦੇ ਪਿਆਦੜੇ ਨੀ ਆਏ,
ਆਨਿ ਕੇ ਹੱਥਿ ਉਨ੍ਹਾਂ ਤਕੜੇ ਨੀ ਪਾਏ,
ਮੇਰਾ ਚਾਰਾ ਕੁਝ ਨਾ ਚੱਲੀ।
ਲਟਕਦੀ ਲਟਕਦੀ,
ਮੈਂ ਸੇਜ ਤੇ ਨੀ ਆਈ।
ਛੋਡਿ ਚੱਲੇ ਮੈਨੂੰ
ਸੱਕੜੇ ਨੀ ਭਾਈ।
ਫੁਲ ਪਾਨ ਬੀੜਾ ਮੈਨੂੰ,
ਅਹਲ ਦਿਖਲਾਈ,
ਮੈਂ ਸੇਜ ਇਕੱਲੜੀ ਮੱਲੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਥੀਸੀ ਰੱਬੂ ਡਾਢੇ ਦਾ ਭਾਣਾ,
ਮੈਂ ਆਈ ਹਾਂ ਅੱਲ-ਵਲੱਲੀ।
83