ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(147)
ਲਿਖੀ ਲੌਹ-ਕਲਮ ਦੀ ਕਾਦਰ,
ਨੀ ਮਾਏ ਮੋੜ ਜੋ ਸਕਨੀ ਹੈਂ ਮੋੜੁ॥
ਡੋਲੀ ਪਾਇ ਲੈ ਚੱਲੇ ਖੇੜੇ,
ਨਾ ਮੈਂ ਥੇ ਉਜ਼ਰ ਨਾ ਜ਼ੋਰੁ॥
ਰਾਂਝਣ ਸਾਨੂੰ ਕੁੰਡੀਆਂ ਪਾਈਆਂ,
ਦਿਲ ਵਿਚ ਲੱਗੀਆਂ ਜ਼ੋਰੁ॥
ਮੱਛੀ ਵਾਗੂੰ ਤੜਫਾਂ,
ਕਾਦਰ ਦੇ ਹੱਥ ਡੋਰ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਖੇੜਿਆਂ ਦਾ ਕੂੜਾ ਸ਼ੋਰ।
(148)
ਵੱਤ ਨਾ ਆਵਣਾ ਭੋਲੜੀ ਮਾਉ,
ਏਹੋ ਵਾਰੀ ਤੇ ਏਹੇ ਦਾਉ,
ਭਲਾ ਕਰੇਂ ਤਾਂ ਭਜਿ ਲੈ ਨਾਉਂ।
ਜਾਂ ਕੁਆਰੀ ਤਾਂ ਚਾਉ ਘਣਾ,
ਪੁੱਤ ਪਰਾਏ ਦੇ ਵਸਿ ਪਵਾਂ,
ਕਿਆ ਜਾਣਾ ਕੇਹੀ ਘੁੱਲੇ ਵਾਉ।
ਸੋ ਖੇਡਣੁ ਜਿਨ੍ਹਾਂ ਭਾਗੁ ਮਥੁਰੇ,
ਖੇਡਦਿਆਂ ਲਹਿ ਜਾਣ ਵਿਸਰੇ,
ਖੇਡ ਖਿਡੰਦੜੀ ਦਾ ਲੱਥਾ ਚਾਉ॥
ਚਉਪੜਿ ਦੇ ਖਾਨੇ ਚਉਰਾਸੀ,
ਜੋ ਪੁੱਗੇ ਸੋ ਚੋਟਿ ਨਾ ਖਾਸੀ,
ਕਿਆ ਜਾਣਾ ਕਿਆ ਪਓਸੀ ਦਾਉ!
ਸਾਚੀ ਸਾਖੀ ਕਹੈ ਹੁਸੈਨਾ,
ਜਾਂ ਜੀਵੇਂ ਤਾਹੀਂ ਸੁਖ ਚੈਨਾ,
ਫੇਰ ਨਾ ਲਹਿਸੀਆ ਪੱਛੋਤਾਉ।