ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ੈਨ ਗ਼ਮ ਨਾ ਜਾਣਦੀ ਖੌਫ਼ ਖਤਰਾ,
ਲੂਣਾ ਉੱਠ ਕੇ ਪਕੜਦੀ ਆਨ ਚੌਲਾ।
ਇਕ ਵਾਰ ਤੂੰ ਬੈਠ ਪਲੰਘ ਉੱਤੇ,
ਕਰਾਂ ਮਿੰਨਤ ਤੇਰੀ ਸੁਣੀ ਅਰਜ਼ ਗੋਲਾ।
ਪਰੀ ਜੇਹੀ ਮੈਂ ਇਸਤਰੀ ਅਰਜ਼ ਕਰਾਂ,
ਜਾ ਤੂੰ ਮਰਦ ਨਾਹੀ ਕੋਈ ਹੈ ਭੋਲਾ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਸੇਜ ਮਾਣ ਮੇਰੀ ਜਿੰਦ ਜਾਨ ਢੋਲਾ।

ਫੇ ਫੇਰ ਕਹਿਆ ਗੁੱਸੇ ਹੋਇ ਪੂਰਨ,
ਤੈਨੂੰ ਵਗ ਕੀ ਗਈ ਹੈ ਬਾਣ ਮਾਏ।
ਜਿਹਦੀ ਇਸਤਰੀ ਓਹੀ ਹੈ ਬਾਪ ਮੇਰਾ,
ਤਿਸ ਦੀ ਤੁਖਮ ਥੀਂ ਜੰਮਿਆ ਜਾਨ ਮਾਏ।
ਗੱਲਾਂ ਇਹੋ ਜਹੀਆਂ ਜਦੋਂ ਹੋਣ ਗੀਆਂ,
ਪੁੱਠੀ ਹੋਗੁ ਜ਼ਿਮੀਂ ਅਸਮਾਨ ਮਾਏ।
ਕਾਦਰਯਾਰ ਮੀਆਂ ਪੂਰਨ ਦੇ ਮੱਤੀਂ,
ਕਿੱਧਰ ਗਿਆ ਈ ਅਜੁ ਧਿਆਨ ਮਾਏ।

ਕਾਫ ਕਹਿਰ ਕਰਾ ਨਾ ਪੂਰਨਾ ਵੇ,
ਆਖੇ ਲੱਗ ਜਾ ਜੇ ਭਲਾ ਚਾਹਨਾ ਏਂ।
ਝੋਲੀ ਅੱਡ ਮੈਂ ਖਲੀ ਹਾਂ ਪਾਸ ਤੇਰੇ,
ਹੈਂਸਿਆਰਿਆ ਖੈਰ ਨਹੀਂ ਪਾਉਨਾ ਏਂ।
ਕੁੱਛੜ ਬੈਠ ਮੰਮਾ ਕਦੋਂ ਚੁੰਘਿਆ ਏਂ,
ਐਵੇਂ ਕੂੜ ਦੀ ਮਾਉਂ ਬਣਾਵਣਾ ਏਂ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਿਉਂ ਗਰਦਨੀ ਖੂਨ ਰਖਾਵਨਾ ਏਂ।

ਕਾਫ ਕਹੇ ਪੂਰਨ ਸੁਣੀ ਸੱਚੁ ਮਾਤਾ,
ਤੇਰੇ ਪਲੰਘ ਤੇ ਪੈਰ ਨਾ ਮੂਲ ਧਰਸਾਂ।
ਅੱਖੀਂ ਫੇਰ ਕੇ ਮੂਲ ਨਾ ਨਜ਼ਰ ਕਰਾਂ,
ਮੈਂ ਤਾਂ ਸੂਲੀ ਤੇ ਚੜ੍ਹਨ ਕਬੂਲ ਕਰਸਾਂ।
ਕੰਨੀ ਖਿੱਚ ਕੇ ਅੰਦਰੋਂ ਬਾਹਰ ਆਇਆ,
ਕਹਿੰਦਾ ਧਰਮ ਗਵਾਇ ਕੇ ਕੀ ਮਰਸਾਂ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਤੇਰੇ ਲਹੂ ਦਾ ਪੂਰਨਾ ਘੁੱਟ ਭਰਸਾਂ।

14