ਪੁੱਤਰ ਬਣਨ ਲੱਗੋਂ ਮੇਰਾ ਪੂਰਨਾ ਵੇ,
ਦੇਖ ਕਹੀ ਮੈਂ ਦਿੱਤੀ ਆ ਮਾਉਂ ਲੋਰੀ।
ਆਖੇ ਲੱਗ ਮੇਰੇ ਅਜੇ ਹਈ ਵੇਲਾ,
ਇਸੀ ਵਕਤ ਛੁਡਾਵਸਾਂ ਨਾਲ ਜੋਰੀ।
ਕਾਦਰਯਾਰ ਕਿਉਂ ਜਾਨ ਗੁਆਵਨਾਂ ਹੈਂ,
ਲਾਇ ਦਿਨੀਆਂ ਤੁਹਮਤਾਂ ਵੱਲ ਹੋਰੀ।
ਤੋਇ ਤਰਫ਼ ਖੁਦਾਇ ਦੇ ਜਿੰਦ ਦੇਣੀ,
ਪੂਰਨ ਆਖਦਾ ਵੱਤ ਨਾ ਆਵਣਾ ਈ।
ਆਖ਼ਰ ਜੀਵਣਾ ਲੱਖ ਹਜ਼ਾਰ ਬਰਸਾਂ,
ਅੰਤ ਫੇਰ ਮਾਇ ਮਰ ਜਾਵਨਾ ਈ।
ਖਤ ਵਾਚ ਕੇ ਪੂਰਨ ਨੇ ਲਬ ਸੁੱਟੀ,
ਕਿਹੜੀ ਗੱਲ ਤੋਂ ਧਰਮ ਗਵਾਵਨਾ ਈ।
ਕਾਦਰਯਾਰ ਅਣਹੁੰਦੀਆਂ ਕਰਨ ਜਿਹੜੇ,
ਆਖਰ ਫੇਰ ਉਨ੍ਹਾਂ ਪਛੋਤਾਵਨਾ ਈ।
ਜੁਇ ਜ਼ੁਲਮ ਕੀਤਾ ਮਾਇ ਮਾਤਰੇ ਨੀ,
ਪੂਰਨ ਆਖਦਾ ਪੂਰੀ ਨਾ ਪਵੇ ਤੇਰੀ।
ਮੰਦਾ ਘਾਤ ਕਮਾਇਆ ਈ ਨਾਲ ਮੇਰੇ,
ਧਰਮ ਹਾਰ ਕੇ ਤੁਧ ਦਲੀਲ ਫੇਰੀ।
ਜਿਹੜੀ ਬਣੀ ਮੈਨੂੰ ਹੁਣ ਝੱਲਸਾਂ ਮੈਂ,
ਮਰ ਜਾਇਗੀ ਰੋਂਦੜੀ ਮਾਇ ਮੇਰੀ।
ਕਾਦਰਯਾਰ ਜਲਾਦਾਂ ਨੂੰ ਕਹੇ ਪੂਰਨ,
ਮਿਲ ਲੈਣ ਦੇਵੋ ਮੈਨੂੰ ਇੱਕ ਵੇਰੀ।
ਐਨ ਅਰਜ਼ ਕੀਤੀ ਸਲਵਾਹਨ ਅੱਗੇ,
ਖ਼ਾਤਰ ਮਾਉਂ ਜਲਾਦ ਖਲੋਂਵਦੇ ਨੀ।
ਰਾਣੀ ਇੱਛਰਾਂ ਤੇ ਪੂਰਨ ਭਗਤ ਉਥੇ,
ਜਾਂਦੀ ਵਾਰ ਦੋਵੇਂ ਮਿਲ ਰੋਂਵਦੇ ਨੀ।
ਪਾਣੀ ਡੋਲ੍ਹ ਕੇ ਰੱਤ ਦਾ ਨੀਰ ਉਥੇ,
ਦਿਲੋਂ ਹਿਰਸ ਜਹਾਨ ਦੀ ਧੋਂਵਦੇ ਨੀ।
ਕਾਦਰਯਾਰ ਜਲਾਦ ਫਿਰ ਪਏ ਕਾਹਲੇ,
ਪੁੱਤਰ ਮਾਇ ਥੋਂ ਵਿਦਿਆ ਹੋਂਵਦੇ ਨੀ।
21