ਉਹਨੂੰ ਗੋਲੀਆਂ ਬਾਂਦੀਆਂ ਨਾਲ ਦਿੱਤੀਆਂ,
ਆਖੇ ਫਿਰ ਦਿਸ਼ਾ ਪਾਰ ਆਂਵਦਾ ਈ।
ਕਾਦਰਯਾਰ ਮੀਆਂ ਵਾਟੇ ਜਾਇ ਪੂਰਨ,
ਟਿੱਲੇ ਬਾਲ ਦਾ ਰਾਹ ਪਛਾਣਦਾ ਈ।
ਦਾਲ ਦੱਸਿਆ ਆ ਕੇ ਗੋਲੀਆਂ ਨੇ,
ਪੂਰਨ ਰਾਣੀਏ ਧ੍ਰੋਹ ਕਮਾਇ ਗਇਆ।
ਅਸੀਂ ਗੁਰੂ ਦੇ ਵਾਸਤੇ ਪਾਇ ਰਹੀਆਂ,
ਹੱਥੀਂ ਪੈ ਕੰਨੀ ਛੁਡਵਾਇ ਗਇਆ।
ਰਾਣੀ ਸੁੰਦਰਾਂ ਸੁਣ ਬਿਤਾਬ ਹੋਈ,
ਸੱਸੀ ਵਾਂਗ ਮੈਨੂੰ ਬਿਰਹੋਂ ਲਾਇ ਗਇਆ।
ਕਾਦਰਯਾਰ ਖਲੋਇ ਕੇ ਪੁੱਛਿਆ ਸੂ,
ਦੱਸੋ ਗੋਲੀਓ ਨੀ ਕਿਹੜੇ ਰਾਹ ਗਇਆ।
ਜ਼ਾਲ ਜ਼ਰਾ ਨਾ ਤਾਕਤ ਰਹੀ ਤਨ ਵਿੱਚ,
ਕੀਹਲੀ ਸੁੰਦਰਾਂ ਗ਼ਮਾਂ ਦੇ ਗੀਤ ਲੋਕੋ।
ਮੈਂ ਤਾਂ ਭੁੱਲੀ ਤੁਸੀਂ ਨਾ ਭੁੱਲੋ ਕੋਈ,
ਲਾਵੋ ਜੋਗੀਆਂ ਨਾਲ ਨਾ ਪ੍ਰੀਤ ਲੋਕੋ।
ਜੰਗਲ ਗਏ ਨਾ ਬਹੁੜੇ ਸੁੰਦਰਾਂ ਨੂੰ,
ਜੋਗੀ ਹੈਨ ਅੱਗੇ ਕਿਹਦੇ ਮੀਤ ਲੋਕੋ।
ਕਾਦਰਯਾਰ ਪਿਛਾ ਖੜ੍ਹੀ ਦੇਖਦੀ ਸਾਂ,
ਖੁਸ ਵਕਤ ਵੀ ਹੋਇਆ ਬਤੀਤ ਲੋਕੋ।
ਰੇ ਰੰਗ ਮਹਲ ਤੇ ਚੜ੍ਹੀ ਰਾਣੀ,
ਰੋਇ ਆਖਦੀ ਪੂਰਨਾ ਲੁੱਟ ਗਇਉਂ।
ਬਾਗ ਹਿਰਸ ਦਾ ਪੱਕ ਤਿਆਰ ਹੋਇਆ,
ਹੱਥੀਂ ਲਾਇ ਕੇ ਬੂਟੀਆਂ ਪੁੱਟ ਗਇਉਂ।
ਘੜੀ ਬੈਠ ਨਾ ਕੀਤੀਆਂ ਰੱਜ ਗੱਲਾਂ,
ਝੂਠੀ ਪ੍ਰੀਤ ਲਗਾਇ ਕੇ ਉਠ ਗਇਉਂ।
ਕਾਦਰਯਾਰ ਮੀਆਂ ਸੱਸੀ ਵਾਂਗ ਮੈਨੂੰ,
ਥਲਾਂ ਵਿੱਚ ਕੂਕੈਂਦੀ ਨੂੰ ਸੁੱਟ ਗਇਉਂ।
ਜ਼ੇ ਜ਼ੋਰ ਨਾ ਸੀ ਸੋਹਣੇ ਨਾਲ ਤੇਰੇ,
ਖੜੀ ਦਸਤ ਪੁਕਾਰਦੀ ਵੱਲ ਸੂਹੀ।
ਪੂਰਨ ਨਜ਼ਰ ਨਾ ਆਂਵਦਾ ਸੁੰਦਰਾਂ ਨੂੰ,
ਰਾਣੀ ਰੰਗ ਮਹਲ ਤੋਂ ਟੁੱਟ ਮੂਈ।
35