ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੇ ਹੱਥ ਨਹੀਂ ਆਂਵਦੇ ਮੋਏ ਮਾਤਾ,
ਪੂਰਨ ਆਖਦਾ ਮਾਇ ਤੂੰ ਰੋਇ ਨਾਹੀ।
ਅਰਜਨ ਦਾਸ ਜਹੇ ਢਾਂਹੀਂ ਮਾਰ ਗਏ,
ਬਣਿਆ ਇਕ ਅਭਿਮਨੋ ਕੋਇ ਨਾਹੀ।
ਕੈਨੂੰ ਨਹੀਂ ਲੱਗੇ ਸੱਲ੍ਹ ਪੁੱਤਰਾਂ ਦੇ,
ਮਾਤਾ ਤੂੰ ਦਿਲਗੀਰ ਭੀ ਹੋਇ ਨਾਹੀ।
ਕਾਦਰਯਾਰ ਦਿਲੇਰੀਆਂ ਦੇ ਪੂਰਨ,
ਗ਼ਮ ਖਾਹ ਮਾਏ ਖਫ਼ਤਨ ਹੋਇ ਨਾਹੀ।

ਲਾਮ ਲਈ ਅਵਾਜ਼ ਪਛਾਣ ਮਾਤਾ,
ਸੱਚ ਆਖ ਬੇਟਾ ਕਿੱਥੋਂ ਆਇਆ ਹੈਂ।
ਕਿਹੜਾ ਮੁਲਖ ਤੇਰੇ ਕੈਂਧਾ ਪੁਤਰ ਹੈਂ ਤੂੰ,
ਕਿਹੜੀ ਮਾਇ ਕਰਮਾਂ ਵਾਲੀ ਜਾਇਆ ਹੈਂ।
ਅੱਖੀਂ ਦਿਸੇ ਤਾਂ ਸੂਰਤੋਂ ਲੱਭ ਲਵਾਂ,
ਬੋਲੀ ਵੱਲੋਂ ਤਾਂ ਪੁੱਤਰ ਪਰਤਾਇਆ ਹੈਂ।
ਕਾਦਰਯਾਰ ਆਖੇ ਦੱਸ ਭੇਤ ਮੈਨੂੰ,
ਜਾਂ ਮੈਂ ਭੁੱਲੀ ਜਾਂ ਰੱਬ ਮਿਲਾਇਆ ਹੈਂਂ।

ਅਲਫ਼ ਆਖਦਾ ਪੂਰਨ ਭੁੱਲ ਨਾਹੀ,
ਤੂੰ ਤਾਂ ਬੈਠ ਕੇ ਸਮਝ ਕਰ ਸਾਰ ਮੇਰੀ।
ਟਿੱਲਾ ਮੁਲਖ ਤੇ ਪੁੱਤ੍ ਨਾਥ ਦਾ ਹੀਂ,
ਏਹ ਯੋਗ ਕਮਾਵਨੀ ਕਾਰ ਮੇਰੀ।
ਮੁੱਢੋਂ ਸ਼ਹਿਰ ਉਜੈਨ ਬਰਾਦਰੀ ਦੇ,
ਰਾਜਬੰਸੀਆਂ ਦੀ ਦੁਨੀਆਂਦਾਰ ਮੇਰੀ।
ਕਾਦਰਯਾਰ ਸਲਵਾਹਨ ਦਾ ਪੁੱਤਰ ਹਾਂ ਮੈਂ,
ਪੂਰਨ ਨਾਮ ਤੇ ਜ਼ਾਤ ਪਰਿਆਰ ਮੇਰੀ।

ਯੇ ਯਾਦ ਨਾ ਮਾਤਾ ਨੂੰ ਗ਼ਮ ਰਿਹਾ,
ਪੜਦੇ ਬੇਦੀ ਦੇ ਸੜ ਕੇ ਖੁੱਲ੍ਹ ਗਏ।
ਪੂਰਨ ਵੇਖਦੀ ਨੂੰ ਥਣੀਂ ਦੁੱਧ ਪਿਆ,
ਧਾਰ ਮੁਖ ਪਰਨਾਲੜੇ ਚੱਲ ਗਏ।
ਉਹਨੂੰ ਉਠ ਕੇ ਸੀਨੇ ਦੇ ਨਾਲ ਲਾਇਆ,
ਰੱਬ ਸੁਖ ਦਿਤੇ ਦੁਖ ਭੁੱਲ ਗਏ।
ਕਾਦਰਯਾਰ ਮੀਆਂ ਮਾਈ ਇੱਛਰਾਂ ਦੇ,
ਸ਼ਾਨ ਸ਼ੌਕਤ ਸਭੇ ਹੋਰ ਭੁੱਲ ਗਏ।

40