ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਖਤ ਬਹੈਗਾ ਹੋਰ ਭਿਰਾਉ ਮੇਰਾ,
ਜਿਹੜਾ ਹੋਗੁ ਤੁਸਾਂ ਘਰ ਰਾਜ ਵੈਸੀ।
ਮਰਦ ਹੋਗੁ ਰਾਜਾ ਵੱਡੇ ਹੌਂਸਲੇ ਦਾ,
ਜਿੱਥੇ ਪਵੇ ਮੁਕੱਦਮਾ ਫਤਹਿ ਲੈਸੀ।
ਕਾਦਰਯਾਰ ਰਸਾਲੂ ਨੂੰ ਬੇਟਾ ਆਖੀਂ,
ਫੇਰ ਰਾਜ ਰਾਜਾ ਤੇਰਾ ਸੁਖੀ ਫਹਿਸੀ।

ਜ਼ਾਲ ਜ਼ਰਾ ਨਾ ਪਵੋ ਖਿਆਲ ਮੇਰੇ,
ਫੇਰ ਮਾਇ ਅਗੇ ਹੱਥ ਬੰਦਿਉ ਸੂ।
ਆਖੇ ਮਾਉ ਨੂੰ ਨਗਰ ਨਾ ਥਾਵਿ ਮੇਰਾ,
ਕਹਿਆ ਬਾਪ ਦਾ ਸਭ ਚਾਰਦਿਓ ਸੂ।
ਆਖੇ ਜੋਗੀਆਂ ਨੂੰ ਕਰੋ ਕੂਚ ਡੇਰਾ,
ਪੱਲਾ ਹਿਰਸ ਦਾ ਚਾਇ ਉਲੱਦਿਓ ਸੂ।
ਕਾਦਰਯਾਰ ਲਗਾ ਉਥੋਂ ਤੁਰਨ ਪੂਰਨ,
ਮਾਈ ਇੱਛਰਾਂ ਨੂੰ ਫੇਰ ਸੱਦਿਓ ਸੂ।

ਰੇ ਰੋਇ ਕੇ ਆਖਦਾ ਮਾਂ ਤਾਈਂ,
ਜਿਹੜਾ ਕਰਮ ਲਿਖਿਆ ਸੋਈ ਪਾਲਿਆ ਮੈਂ।
ਇਸ ਸ਼ਹਰ ਥੀਂ ਬਾਪ ਤਗੀਰ ਕਰ ਕੇ,
ਕੇਹੜੀ ਪਤਿ ਦੇ ਨਾਲ ਨਿਕਾਲਿਆ ਮੈਂ।
ਕਿਹਨੂੰ ਖੋਲ੍ਹ ਕੇ ਦਿਲੇ ਦਾ ਹਾਲ ਦੱਸਾਂ,
ਜਿਹੜਾ ਜਫਰ ਸਰੀਰ ਤੇ ਜਾਲਿਆ ਮੈਂ।
ਕਾਦਰਯਾਰ ਮੀਆਂ ਪੂਰਨ ਭਗਤ ਆਖੇ,
ਵੰਡ ਲਏ ਨੇ ਆਪਣੇ ਤਾਲਿਆ ਮੈਂ।

ਜੇ਼ ਜ਼ਿੰਦਗਾਨੀ ਤਦ ਹੋਗ ਮੇਰੀ,
ਆਖੇ ਲੱਗ ਮੇਰੇ ਘਰ ਚੱਲ ਪੂਤਾ।
ਚਵ੍ਹੀ ਬਰਸ ਗੁਜ਼ਰੇ ਆਹੀਂ ਮਾਰਦੀ ਨੂੰ,
ਤੇਰੇ ਨਾਲ ਨਾ ਕੀਤੀ ਹੈ ਗੱਲ ਪੂਤਾ।
ਦੂਰ ਗਿਆਂ ਦੇ ਦਰਦ ਫਿਰਾਕ ਬੁਰੇ,
ਸੀਨੇ ਰਹਿੰਦੇ ਨੇ ਸੱਜਰੇ ਸੱਲ੍ਹ ਪੂਤਾ।
ਕਾਦਰਯਾਰ ਕਰ ਕੇ ਹੱਥੀਂ ਕਾਲ ਮੇਰਾ,
ਏਥੋਂ ਫੇਰ ਜਾਈਂ ਕਿਤੇ ਵੱਲ ਪੂਤਾ।

43