ਹੇ ਹੁਕਮ ਕੀਤਾ ਗੁਰੂ ਨਾਥ ਨੇ ਜੀ,
ਸਿੱਧ ਮੰਡਲੀ ਉੱਠ ਤਿਆਰ ਹੋਈ।
ਧੂੜ ਅੰਗ ਬਿਭੂਤ ਤੇ ਪਹਿਰ ਖਿਲਤੇ,
ਨਾਦ ਸਿੰਗੀਆਂ ਧੁਨਕ ਅਧਾਰ ਹੋਈ।
ਮੁਖੋਂ ਤੁਰਤ ਅਲਖ ਜਗਾਇ ਕਰ ਕੇ,
ਖ਼ਬਰ ਤੁਰਤ ਹੀ ਵਿਚ ਸੰਸਾਰ ਹੋਈ।
ਕਾਦਰਯਾਰ ਮੀਆਂ ਰਾਣੀ ਇੱਛਰਾਂ ਦੇ,
ਭਾਗ ਜਾਗ ਆਏ ਖ਼ਬਰਦਾਰ ਹੋਈ।
ਲਾਮ ਲਾਇ ਦਿੱਤਾ ਵਿਚ ਬਾਗ਼ ਡੇਰਾ,
ਰਾਜਾ ਸਣੇ ਪਰਵਾਰ ਚਲ ਆਇਆ ਈ।
ਰਾਣੀ ਇੱਛਰਾਂ ਤੇ ਸਲਵਾਹਨ ਰਾਜਾ,
ਲੂਣਾਂ ਪੁੱਤਰ ਰਸਾਲੂ ਜੋ ਜਾਇਆ ਈ।
ਹੋਰ ਨੌਕਰਾਂ ਚਾਕਰਾਂ ਟਹਿਲਣਾਂ ਨੇ,
ਹੱਥ ਜੋੜ ਕੇ ਸੀਸ ਨਿਵਾਇਆ ਈ।
ਕਾਦਰਯਾਰ ਜਾਂ ਗੁਰਾਂ ਦਾ ਦਰਸ ਕੀਤਾ,
ਰਾਜੇ ਰਾਣੀਆਂ ਨੇ ਸੁਖ ਪਾਇਆ ਈ।
ਅਲਫ਼ ਅਲਖ ਜਗਾਇ ਕੇ ਆਖਿਆ ਸੂ,
ਰਾਜਾ ਮੰਗ ਲੈ ਜੋ ਕੁੱਝ ਮੰਗਨਾ ਈ।
ਅੱਗੋਂ ਉੱਠ ਰਸਾਲੂ ਨੇ ਬਚਨ ਕੀਤਾ,
ਕਰਾਮਾਤ ਦੱਸੋ ਕਿਆ ਸੰਗਨਾ ਈ।
ਪੂਰਨ ਆਪਣੇ ਗੁਰੂ ਨੂੰ ਯਾਦ ਕਰ ਕੇ,
ਝੋਲੀ ਵਿੱਚੋਂ ਦਿੱਤਾ ਕੱਢ ਕੰਗਨਾ ਈ।
ਕਾਦਰਯਾਰ ਜਾਂ ਡਿੱਠੀ ਆ ਜੋਗ ਸਕਤਾ,
ਹੱਥ ਜੋੜ ਕੇ ਦਾਨ ਸੁਖ ਮੰਗਨਾ ਈ।
ਯੇ ਯਾਦ ਕੀਤਾ ਪੂਰਨ ਮਾਓਂ ਤਾਂਈਂ,
ਬੱਚਾ ਕੀਤਾ ਈ ਕੌਲ ਕਰਾਰ ਪੂਰਾ।
ਸਿੱਧ ਮੰਡਲੀ ਦੇ ਵਿਚ ਜੋਗੀ ਵੱਡਾ,
ਹੁਣ ਮਿਲਿਆ ਹੈ ਨਾਥ ਜੀ ਗੁਰੂ ਪੁਰਾ।
ਭਰਮ ਭੇਦ ਭਾਗੇ ਮੇਰੇ ਜਨਮ ਦੇ ਜੀ,
ਮੁਕਤ ਹੋਇ ਬੈਕੁੰਠ ਜਾ ਪੈਨੁ ਚੂੜਾ।
ਕਾਦਰਯਾਰ ਕਿੱਸਾ ਪੂਰਨ ਭਗਤ ਵਾਲਾ,
ਤੁਸੀਂ ਸੁਣੋ ਲੋਕੋ ਇੱਥੇ ਹੋਇਆ ਪੂਰਾ।
48