ਸਮੱਗਰੀ 'ਤੇ ਜਾਓ

ਪੰਨਾ:ਕੁਰਆਨ ਮਜੀਦ – ਪੰਜਾਬੀ ਅਨੁਵਾਦ ਮੁਹੰਮਦ ਜਮੀਲ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(18)

ਜ਼ਰੂਰੀ ਗੁਜ਼ਾਰਿਸ਼

ਕੁਰਆਨ ਮਜੀਦ ਬੇਨਜ਼ੀਰ ਰੱਬੀ ਕਲਾਮ ਹੈ ਜਿਹੜਾ ਮਨੁੱਖ ਮਾਤਰ ਲਈ ਸਰਾਸਰ ਹਿਦਾਇਤ ਹੈ। ਇਨਸਾਨ ਨੂੰ ਅਕਲ ਸਮਝ ਅਤੇ ਦਾਨਿਸ਼ਮੰਦੀ ਨਾਲ ਨਵਾਜ਼ਿਆ ਹੈ ਤਾਂ ਜੋ ਖਰੇ ਖੋਟੇ, ਦਿਨ ਰਾਤ ਅਤੇ ਸੱਚ ਝੂਠ ਦੀ ਪਛਾਣ ਕਰ ਸਕੇ। ਰੱਬ ਦੇ ਸੱਚੇ ਰਸਤੇ ਦੀ ਤਲਾਸ਼ ਕਰੇ। ਰੱਬ ਦੇ ਆਦੇਸ਼ਾਂ ਦੀ ਪਾਲਣਾ ਕਰੇ ਜੋ ਮਨੁੱਖ ਦੀ ਜ਼ਿੰਦਗੀ ਦਾ ਉਦੇਸ਼ ਹੈ। ਕੁਰਆਨ ਸ਼ਰੀਫ਼ ਰੱਬ ਨੇ ਅਪਣੇ ਪੈਗ਼ੰਬਰ ਹਜ਼ਰਤ ਮੁਹੰਮਦ (ਸ.) 'ਤੇ ਵਹੀ ਰਾਹੀਂ ਨਾਜ਼ਿਲ ਫ਼ਰਮਾਇਆ।

ਕੁਰਆਨ ਸ਼ਰੀਫ਼ ਦੁਨੀਆ ਦੀਆਂ ਲਗਭਗ 103 ਪ੍ਰਸਿੱਧ ਜ਼ੁਬਾਨਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। ਪੰਜਾਬੀ ਜ਼ੁਬਾਨ ਵਿੱਚ ਅਨੁਵਾਦ ਕਰਨ ਦਾ ਮਕਸਦ ਰੱਬ ਦੇ ਪੈਗ਼ਾਮ ਨੂੰ ਉਹਨਾਂ ਪੰਜਾਬੀ ਪ੍ਰੇਮੀਆਂ ਤੱਕ ਪਹੁੰਚਾਉਣਾ ਹੈ ਜਿਹੜੇ ਉਰਦੂ ਜਾਂ ਹੋਰ ਜ਼ੁਬਾਨਾਂ ਤੋਂ ਵਾਕਿਫ਼ ਨਹੀਂ ਹਨ। ਉਹਨਾਂ ਤੱਕ ਇਸ ਸੱਚੇ ਸੁਨੇਹੇ ਨੂੰ ਪੇਸ਼ ਕਰਨ ਲਈ ਮੌਲਾਨਾ ਫ਼ਤਹਿ ਮੁਹੰਮਦ ਖ਼ਾਨ ਜਲੰਧਰੀ (ਰ.) ਦੇ ਉਰਦੂ ਅਨੁਵਾਦ ਨੂੰ ਆਧਾਰ ਬਣਾਇਆ ਗਿਆ ਹੈ ਜਿਹੜਾ ਬਹੁਤ ਆਸਾਨ ਅਤੇ ਪੰਜਾਬੀ ਨੁਮਾ ਅਨੁਵਾਦ ਹੈ। ਹਵਾਸ਼ੀ (ਫੁਟ ਨੋਟ) ਸ਼ਾਹ ਅਬਦੁਲ ਕਾਦਿਰ ਮੁਹੱਦਿਸ ਦੇਹਲਵੀ (.) ਦੇ ਹਨ। ਮੁਸ਼ਕਿਲ ਲਫ਼ਜ਼ਾਂ ਦੇ ਆਸਾਨ ਜ਼ੁਬਾਨ ਵਿੱਚ ਅਰਥ ਦਰਸਾਏ ਗਏ ਹਨ। ਅਨੁਵਾਦ ਕਰਦੇ ਸਮੇਂ ਸੇਖ਼-ਉਲ-ਹਿੰਦ ਮੌਲਾਨਾ ਮਹਿਮੂਦ ਹਸਨ (ਰ.) ਮੌਲਾਨਾ ਅਸ਼ਰਫ਼ ਅਲੀ ਥਾਨਵੀ, ਸ਼ਾਹ ਅਬਦੁਲ ਕਾਦਿਰ (ਰ.) ਆਦਿ ਦੇ ਉਰਦੂ ਅਨੁਵਾਦਾਂ ਨੂੰ ਵੀ ਮੁੱਖ ਰੱਖਿਆ ਗਿਆ ਹੈ। ਪੰਜਾਬੀ ਅਨੁਵਾਦ ਹਾਫ਼ਿਜ਼ ਮੁਹੰਮਦ ਲਖੋਕੇ (ਰ.) ਅਤੇ ਮੌਲਾਨਾ ਹਿਦਾਇਤ ਅਲੀ (.) ਦੇ ਅਨੁਵਾਦ ਦੀ ਵੀ ਸਹਾਇਤਾ ਲਈ ਗਈ ਹੈ।

ਕੁਰਆਨ ਮਜੀਦ ਦਾ ਅਨੁਵਾਦ ਕਰਦਿਆਂ ਕਦੀ ਅਪਣੇ ਆਪ ਨੂੰ ਵੇਖਦਾ ਕਦੀ ਕੁਰਆਨ ਮਜੀਦ ਦੀ ਅਜ਼ਮਤ ਬਜ਼ੁਰਗੀ ਨੂੰ ਵੇਖਦਾ। ਅਮਲਾਂ ਬਾਝੋਂ ਕੋਰੇ ਇਸ ਨਿਮਾਣੇ ਅਤੇ ਨਿਤਾਣੇ ਇਨਸਾਨ ਨੇ ਕੋਸ਼ਿਸ਼ ਜਾਰੀ ਰੱਖੀ ਅਤੇ ਰੱਬ ਦੇ ਫ਼ਜ਼ਲਾਂ ਨਾਲ ਇਹ ਕੰਮ ਨੇਪੜੇ ਚੜ੍ਹ ਗਿਆ। ਇਸ ਸਬੰਧੀ ਜਦੋਂ ਸੋਚਦਾ ਹਾਂ ਤਾਂ ਮੇਰਾ ਸਿਰ ਸ਼ੁਕਰਾਨੇ ਵਜੋਂ ਰੱਬ ਅੱਗੇ ਝੁਕ ਜਾਂਦਾ ਹੈ। ਉਮੀਦ ਹੈ ਰੱਬ ਇਸ ਕੋਸ਼ਿਸ਼ ਅਤੇ ਮਿਹਨਤ ਨੂੰ ਅਜਾਈਂ ਨਹੀਂ ਜਾਣ ਦੇਵੇਗਾ।

ਕੁਰਆਨ-ਏ-ਪਾਕ ਦੀ ਸ਼ਾਨ ਨੂੰ ਮੁੱਖ ਰੱਖਦਿਆਂ ਅਨੁਵਾਦ, ਹਵਾਸ਼ੀ, ਮੁਸ਼ਕਿਲ ਲਫ਼ਜ਼ਾਂ ਦੇ ਅਰਥ, ਕੰਪੋਜ਼ਿੰਗ ਅਤੇ ਛਪਾਈ ਨੂੰ ਚੰਗੀ ਤਰ੍ਹਾਂ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਕੋਈ ਵੀ ਚੀਜ਼ ਹਰਫ਼-ਏ-ਆਖ਼ਿਰ ਨਹੀਂ ਹੋਇਆ ਕਰਦੀ। ਅਪਣੇ ਵਲੋਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਜ਼ਰੂਰ ਕਮੀਆਂ ਖ਼ਾਮੀਆਂ ਰਹਿ ਗਈਆਂ ਹੋਣਗੀਆਂ। ਇਸ ਸਬੰਧੀ ਅੱਲਾਹ ਤੋਂ ਦੁਆ ਗੋ ਹਾਂ ਕਿ ਰੱਬ ਹੋਈਆਂ ਭੁੱਲਾਂ ਨੂੰ ਮੁਆਫ਼ ਫ਼ਰਮਾਵੇ। ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਕਬੂਲ ਫ਼ਰਮਾ ਕੇ ਪੂਰੀ ਇਨਸਾਨੀਅਤ ਲਈ ਹਿਦਾਇਤ ਦਾ ਜ਼ਰੀਆ ਬਣਾਏ। ਮੈਨੂੰ ਉਮੀਦ ਹੈ ਨੰਦਨ ਪਬਲੀਕੇਸ਼ਨਜ਼ ਦਾ ਇਹ ਉਪਰਾਲਾ ਕੀਤਾ ਜਾਵੇਗਾ। ਜ਼ਰੂਰ ਕਬੂਲ

ਅੰਤ ਵਿੱਚ ਮੈਂ ਉਹਨਾਂ ਸਾਰੇ ਨੇਕ ਬੰਦਿਆਂ, ਯਾਰਾਂ ਦੋਸਤਾਂ, ਸਾਥੀਆਂ ਦਾ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਕਦਮ ਕਦਮ ਤੇ ਮੇਰੀ ਰਹਿਨੁਮਾਈ ਅਤੇ ਹੌਸਲਾ ਅਫ਼ਜ਼ਾਈ ਫ਼ਰਮਾਈ ਅਤੇ ਇਸ ਕੰਮ ਸਬੰਧੀ ਆਪਣੀਆਂ ਦੁਆਵਾਂ ਵਿੱਚ ਇਸ ਨਕਾਰੇ ਨੂੰ ਯਾਦ ਫ਼ਰਮਾਇਆ। ਰੱਬ ਇਸ ਮਿਹਨਤ ਨੂੰ ਕਬੂਲ ਫ਼ਰਮਾਵੇ ਅਤੇ ਸਮੂਹ ਇਨਸਾਨੀਅਤ ਲਈ ਨਿਜਾਤ ਦਾ ਜ਼ਰੀਆ ਬਣਾਏ। ਆਮੀਨ ।।

ਮਾਲੇਰ ਕੋਟਲਾ

ਮੁਹੰਮਦ ਜਮੀਲ

ਜੁਲਾਈ 2013