(22)
2. ਸੂਰਤ ਅਲ-ਬਕਰ
(ਮਦੀਨਾ ਵਿਖੇ ਨਾਜ਼ਿਲ ਹੋਈ)
(ਇਸ ਸੂਰਤ ਵਿਚ 286 ਆਇਤਾਂ, 40 ਰੁਕੂਅ, ਅਰਬੀ ਦੇ 6021 ਸ਼ਬਦ ਅਤੇ 20,000 ਅੱਖਰ ਹਨ)
ਸ਼ੁਰੂ ਅੱਲਾਹ ਦੇ ਨਾਂ ਨਾਲ ਜੋ ਬੇਹੱਦ ਮਿਹਰਬਾਨ, ਨਿਹਾਇਤ ਰਹਿਮ ਫ਼ਰਮਾਉਣ ਵਾਲਾ ਹੈ।
ਅਲਿਫ਼-ਲਾਮ-ਮੀਮ ਇਹ (ਉਹ) ਕਿਤਾਬ (ਕੁਰਆਨ ਮਜੀਦ) ਹੈ ਜਿਸ ਵਿੱਚ ਕੋਈ ਸ਼ੱਕ ਨਹੀਂ (ਕਿ ਇਹ) ਰੱਬੀ ਕਲਾਮ ਹੈ (1) ਰੱਬ ਤੋਂ ਡਰਨ ਵਾਲਿਆਂ ਦੇ ਲਈ ਰਾਹ ਦਰਸਾਉਂਦੀ ਹੈ। (2) ਜਿਹੜੇ ਗ਼ਾਇਬ 'ਤੇ ਈਮਾਨ ਲਿਆਉਂਦੇ ਅਤੇ ਅਦਬ ਦੇ ਨਾਲ ਨਮਾਜ਼ ਪੜ੍ਹਦੇ ਹਨ ਤੇ ਜੋ ਕੁੱਝ ਅਸੀਂ ਉਹਨਾਂ ਨੂੰ ਬਖ਼ਸ਼ਿਆ ਹੈ, ਉਸ ਵਿੱਚੋਂ (ਜਾਇਜ਼) ਖ਼ਰਚ ਕਰਦੇ ਹਨ।(3) ਅਤੇ (ਐ ਮੁਹੰਮਦ) ਜਿਹੜੀ ਕਿਤਾਬ ਤੁਹਾਡੇ 'ਤੇ ਨਾਜ਼ਿਲ ਹੋਈ ਤੇ ਜਿਹੜੀਆਂ ਕਿਤਾਬਾਂ ਤੁਹਾਥੋਂ ਪਹਿਲਾਂ (ਪੈਗ਼ੰਬਰਾਂ 'ਤੇ) ਨਾਜ਼ਿਲ ਹੋਈਆਂ, ਸਭਨਾਂ 'ਤੇ ਈਮਾਨ ਲਿਆਉਂਦੇ ਅਤੇ ਆਖ਼ਿਰਤ 'ਤੇ ਯਕੀਨ ਰੱਖਦੇ ਹਨ।(4)
ਮਜੀਦ-ਅਜ਼ਮਤ ਵਾਲਾ, ਬਜ਼ੁਰਗੀ ਵਾਲਾ।ਗ਼ਾਇਬ-ਪਰੋਖ ਜਾਂ ਜੋ ਸਾਹਮਣੇ ਵਿਖਾਈ ਨਾ ਦੇਵੇ।ਈਮਾਨ ਲੈ ਆਉਣਾ- ਯਕੀਨ ਕਰਨਾ, ਭਰੋਸਾ ਕਰਨਾ।ਜਾਇਜ਼-ਸਹੀ, ਸ਼ਰ੍ਹਾ ਅਨੁਸਾਰ।ਨਾਜ਼ਿਲ ਹੋਈ-ਉਤਰੀ। ਕਿਤਾਬਾਂ-ਪਹਿਲੇ ਪੈਗ਼ੰਬਰਾਂ 'ਤੇ ਨਾਜ਼ਿਲ ਹੋਈਆਂ ਧਾਰਮਿਕ ਕਿਤਾਬਾਂ। ਆਖ਼ਿਰਤ-ਇਸ ਦੁਨੀਆ ਤੋਂ ਬਾਅਦ ਇਕ ਹੋਰ ਦੁਨੀਆ ਕਾਇਮ ਹੋਵੇਗੀ ਜਿਸ ਵਿੱਚ ਹਿਸਾਬ-ਕਿਤਾਬ ਹੋਵੇਗਾ।