ਪੰਨਾ:ਕੁੱਝ ਸਿੰਘ ਸਭਾ ਲਹਿਰ ਬਾਰੇ.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

2


ਪੰਜਾਬ ਦਾ ਰਾਜ ਪ੍ਰਾਪਤ ਕਰਕੇ ਅੰਗ੍ਰੇਜਾ ਨੇ ਈਸਾਈਅਤ ਦਾ ਖੁਲਮ ਖੁਲ੍ਹਾ ਪ੍ਰਚਾਰ ਅਰੰਭ ਕਰ ਦਿੱਤਾ। ਇਸ ਮੰਤਵ ਦੀ ਪੂਰਤੀ ਲਈ ਉਨ੍ਹਾਂ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪ੍ਰਚਾਰ ਕੇਂਦਰ ਖੋਲੇ। ਇਸ ਬਦੇਸ਼ੀ ਧਰਮ ਦੇ ਪੈ ਰਹੇ ਪ੍ਰਭਾਵ ਨੂੰ ਰੋਕਣ ਲਈ ਹਿੰਦੂ ਅਤੇ ਸਿੱਖ ਇਕੱਠੇ ਹੋ ਗਏ। ਭਾ. ਜਵਾਹਰ ਸਿੰਘ, ਭਾ. ਮਈਆ ਸਿੰਘ, ਭਾ. ਦਿੱਤ ਸਿੰਘ ਅਤੇ ਕਈ ਹੋਰ ਸੱਜਣ "ਸਰਬ ਹਿੰਦ ਆਰੀਆ ਪਰਉਪਕਾਰਨੀ ਸਭਾ" ਦੇ ਸਰਗਰਮ ਮੈਂਬਰ ਬਣ ਗਏ; ਪਰ ਕੁੱਝ ਕੱਟੜ ਅਤੇ ਮੁਤਅਸਬੀ ਹਿੰਦੂ ਅਤੇ ਆਰੀਆ ਸਮਾਜੀ ਆਗੂਆਂ, ਜਿਵੇਂ ਪੰਡਤ ਸ਼ਰਧਾ ਰਾਮ ਫਲੌਰੀ, ਪੰਡਤ ਗੁਰੂ ਦੱਤ ਅਤੇ ਲੇਖ ਰਾਜ, ਨੇ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਵਿਰੁਧ ਬੜੇ ਦਿਲ ਦੁਖਾਵੇਂ ਸ਼ਬਦ ਬੋਲੇ। ਸਿੱਖ ਇਨ੍ਹਾਂ ਨੂੰ ਬਰਦਾਸਤ ਨਾ ਕਰ ਸਕੇ। ਉਨ੍ਹਾਂ ਨੇ ਆਰੀਆ ਸਮਾਜ ਛੱਡ ਦਿੱਤਾ। ਇਸੇ ਸਮੇਂ ਹੋਰ ਦੁਰਘਟਨਾ ਵਾਪਰੀ। ਮਿਸ਼ਨ ਹਾਈ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ-ਅਤਰ ਸਿੰਘ, ਆਇਆ ਸਿੰਘ, ਸੰਤੋਖ ਸਿੰਘ ਅਤੇ ਸਾਧੂ ਸਿੰਘ, ਈਸਾਈ ਪ੍ਰਚਾਰਕਾਂ ਦੇ ਅਸਰ ਅਧੀਨ, ਈਸਾਈ ਮਤ ਧਾਰਨ ਲਈ ਤਿਆਰ ਹੋ ਗਏ। ਇਹ ਸਿੱਖਾਂ ਲਈ ਇਕ ਵੰਗਾਰ ਸੀ। ਅੰਮ੍ਰਿਤਸਰ ਦੇ ਪ੍ਰਸਿੱਧ ਪਤਵੰਤੇ ਸਿੱਖ ਇਨ੍ਹਾਂ ਦੇ ਮਾਪਿਆਂ ਨੂੰ ਮਿਲੇ ਅਤੇ ਇਨ੍ਹਾਂ ਨੂੰ ਇਸਾਈ ਬਣਨੋ ਰੋਕ ਦਿੱਤਾ।

ਅਭੋਲ ਸਿੱਖਾਂ ਨੂੰ ਦੂਜੇ ਧਰਮਾਂ ਵਿੱਚ ਜਾਣ ਤੋਂ ਅਤੇ ਸਿੱਖਾਂ ਨੂੰ ਰਹਿਤ ਮਰਿਆਦਾ ਵਿੱਚ ਤਿਆਰ ਬਰ ਤਿਆਰ ਰੱਖਣ ਲਈ, ਸਿਖਾਂ ਕੋਲ ਆਪਣਾ ਜਥੇਬੰਦੀ ਬਣਾਉਂਣ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ ਸੀ।