ਪੰਨਾ:ਕੂਕਿਆਂ ਦੀ ਵਿਥਿਆ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲੀ ਛਾਪ ਦੇ

ਆਰੰਭਕ ਸ਼ਬਦ

'ਕੂਕਿਆਂ ਦੀ ਵਿੱਥਿਆ’ ਦੀ ਪਹਿਲੀ ਜਿਲਦ ਪਾਠਕਾਂ ਦੇ ਹਥ ਵਿਚ ਹੈ। ਇਸ ਦੇ ਲਿਖਣ ਦਾ ਸੰਕਲਪ ਮੈਂ ਸੰਨ ੧੯੩੦ ਦੇ ਦਸੰਬਰ ਵਿਚ ਈਰਾਨ ਤੋਂ ਮੁੜਦਿਆਂ ਹੋਇਆਂ ਕੀਤਾ ਸੀ; ਪਰ ਕਈ ਕਾਰਣਾਂ ਕਰਕੇ ਇਹ ਕੰਮ ਛੇਤੀ ਸਿਰੇ ਨਾ ਚੜ੍ਹ ਸਕਿਆ।

ਇਹ ਪੁਸਤਕ ਨਿਰੋਲ ਇਤਿਹਾਸ ਹੈ। ਇਸ ਵਿਚ ਜਜ਼ਬਾਤ ਦੇ ਹਰੇ ਅਤੇ ਕਿਸੀ ਖਾਸ ਕਿਸਮ ਦੀ ਰੰਗਤ ਨਹੀਂ ਹੈ। ਵਾਕਿਆਤ ਦੀ ਅਸਲੀਅਤ ਦੀ ਖੋਜ ਹੈ। ਇਸ ਵਿਚ ਹਰ ਇਕ ਗੱਲ ਲਈ, ਜੋ ਕਿ ਲਿਖੀ ਗਈ ਹੈ,ਭਰੋਸੇ ਯੋਗ ਗਵਾਹੀ ਮੌਜੂਦ ਹੈ ਅਤੇ ਯਤਨ ਕੀਤਾ ਗਿਆ ਹੈ ਕਿ ਜਿਥੇ ਤਕ ਹੋ ਸਕੇ ਸੋਮਿਆਂ ਦਾ ਪਤਾ ਹੇਠਾਂ ਪੈਰੀਂ ਨੋਟਾਂ ਵਿਚ ਦੇ ਦਿੱਤਾ ਜਾਏ।

ਨਿਰੋਲ ਇਤਿਹਾਸ ਲਿਖਦੇ ਹੋਏ ਭੀ ਹਰ ਤਰਾਂ ਯਤਨ ਕੀਤਾ ਗਿਆ ਹੈ ਕਿ ਕੂਕਿਆਂ ਦੇ ਨੁਕਤਾ-ਨਿਗਾਹ ਨੂੰ ਭੀ ਸਾਮ੍ਹਣੇ ਰੱਖਿਆ ਜਾਏ। ਪਰ ਉਨ੍ਹਾਂ ਦੀਆਂ ਸਾਰੀਆਂ ਲਿਖਤਾਂ ਦੇ ਇਤਿਹਾਸਕ ਤੌਰ ਤੇ ਪ੍ਰਵਾਣੀਕ ਹੋਣ ਤੇ ਮੇਰਾ ਯਕੀਨ ਕਾਇਮ ਨਹੀਂ ਰਹਿ ਸਕਿਆ।

ਵਿਗਿਆਨਕ ਇਤਿਹਾਸਕਾਰ ਦੇ ਆਪਣੇ ਕੋਈ ਪਹਿਲੇ ਗਿਣੇ ਮਿਥੇ ਹੋਏ ਵਿਚਾਰ ਨਹੀਂ ਹੁੰਦੇ। ਉਹ ਆਪਣੇ ਸਾਮ੍ਹਣੇ ਆਏ ਮਸਾਲੇ ਨੂੰ ਖੋਜਦਾ ਤੇ ਪੜਚੋਲਦਾ ਹੈ। ਖੋਜ ਪੜਤਾਲ ਦੇ ਅਸੂਲਾਂ ਨਾਲ ਉਸ ਦੇ ਭਰੋਸੇ ਯੋਗ ਯਾ ਅਯੋਗ ਹੋਣ ਨੂੰ ਲੇਖਕਾਂ ਦੀ ਸੰਭਵ ਪੱਖਤਾ ਯਾ ਨਿਰਪੱਖਤਾ ਅਤੇ ਲਿਖੇ ਜਾਣ ਦੇ ਸਮੇਂ ਦੇ ਵਾਯੂ-ਮੰਡਲ ਨੂੰ ਘੋਖ ਕੇ ਮੁਕਾਬਲਾ ਕਰਦਾ ਤੇ ਤਰਤੀਬ ਦਿੰਦਾ ਹੈ ਅਤੇ ਸਚਾਈ ਢੂੰਡਣ ਲਈ ਇਕੱਲੇ ਇਕੱਲੇ ਵਾਕੇ ਸੰਬੰਧੀ ਸਾਰੀਆਂ

Digitized by Panjab Digital Library / www.panjabdigilib.org