ਪੰਨਾ:ਕੂਕਿਆਂ ਦੀ ਵਿਥਿਆ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਜੀਵਨ-ਬ੍ਰਿਤਾਂਤਾਂ ਵਿਚ ਰਲਾਉਣਾ ਸੇਵਾ ਸਮਝਦੇ ਹਨ ਜਿਤਨਾ ਅਨਿਆਏ ਅਨਭੋਲ ਹੀ ਇਹ ਲਿਖਾਰੀ ਉਨ੍ਹਾਂ ਬਜ਼ੁਰਗਾਂ ਨਾਲ ਕਰ ਜਾਂਦੇ ਹਨ ਓਤਨਾ ਸ਼ਾਇਦ ਉਨ੍ਹਾਂ ਦੇ ਕੱਟੜ ਵਿਰੋਧੀ ਭੀ ਨਹੀਂ ਕਰ ਸਕਦੇ। ਕੁਝ ਸਮਾਂ ਪਾ ਕੇ ਅਸਲੀਅਤ ਤੇ ਮਿਲਾਵਟ ਨੂੰ ਨਿਖੇੜਨਾ ਔਖਾ ਹੋ ਜਾਂਦਾ ਹੈ ਜਿਸ ਦਾ ਨਤੀਜਾ ਇਹ ਹੁੰਦ ਹੈ ਕਿ ਕਿਸੇ ਉੱਘੜ ਆਈ ਹੋਈ ਮਿਲਾਵਟ ਤੋਂ ਸ਼ੱਕ ਵਿਚ ਪੈ ਗਏ ਹੋਏ ਵਿਚਾਰਵਾਨ ਪਾਠਕ ਕਈ ਇਕ ਠੀਕ ਵਾਕਿਆਤ ਨੂੰ ਭੀ ਸ਼ੱਕ ਦੀ ਨਜ਼ਰ ਨਾਲ ਦੇਖਦੇ ਹੋਏ ਠੁਕਰਾ ਦਿੰਦੇ ਹਨ। ਇਸ ਲਈ ਇਤਿਹਾਸ ਵਿਚ ਮਨੋ-ਕਲਪਤ ਮਿਲਾਵਟਾਂ ਨਾਲ ਫਾਇਦੇ ਨਾਲੋਂ ਨੁਕਸਾਨ ਸਦਾ ਲਈ ਪੱਕਾ ਤੇ ਕਈ ਗੁਣਾਂ ਜ਼ਿਆਦਾ ਹੁੰਦਾ ਚਲਾ ਜਾਂਦਾ ਹੈ ਜਿਸ ਨੂੰ ਮੁੜ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ।

ਕਈ ਸਰਧਾਲੂ ਭਗਤ ਦੀ ਨਜ਼ਰ ਵਿਚ ਭਵਿਖ-ਬਾਣੀਆਂ ਤੇ ਅਣਹੋਏ ਅਲੌਕਿਕ ਚਮਤਕਾਰ, ਮਹਾਪੁਰਖਾਂ ਦੀਆਂ ਜੀਵਨੀਆਂ ਦਾ ਇਕ ਜ਼ਰੂਰੀ ਅੰਗ ਬਣ ਗਏ ਦਿਸਦੇ ਹਨ, ਜਿਨ੍ਹਾਂ ਨੂੰ ਓਹ ਕੋਲੋਂ ਘੜ ਲੈਣਾ ਭੀ ਅਯੋਗ ਨਹੀਂ ਸਮਝਦੇ, ਪਰ ਓਹ ਇਹ ਗੱਲ ਭੁੱਲ ਜਾਂਦੇ ਹਨ ਕਿ ਇਸ ਤਰਾਂ ਓਹ ਛਾਣ-ਬੀਣੀ ਨਿਗਾਹਾਂ ਲਈ ਕਈ ਠੀਕ, ਪੰਤੂ ਅਸਾਧਾਰਣ, ਤਾਰੀਖੀ ਵਾਕਿਆਤ ਨੂੰ ਭੀ ਸ਼ੱਕੀ ਬਣਾ ਦਿੰਦੇ ਹਨ। ਇਹ ਹੀ ਹਾਲ ਕੂਕਾ ਸੰਪ੍ਰਦਾਇ ਦੇ ਆਗੂ ਬਾਬਾ ਬਾਲਕ ਸਿੰਘ ਤੇ ਬਾਬਾ ਰਾਮ ਸਿੰਘ ਦੀਆਂ ਜੀਵਨ-ਵਿਥਿਆਂ ਨਾਲ ਹੋਇਆ ਤੇ ਹੋ ਰਿਹਾ ਹੈ। ਇਸ ਲਈ ਇਹ ਕਿਹਾ ਜਾ ਸਕਣਾ ਔਖਾ ਹੋ ਰਿਹਾ ਹੈ ਕਿ ਉਨ੍ਹਾਂ ਦੇ ਜੀਵਨ ਦਾ ਕੇਹੜਾ ਵਾਕਿਆ ਸਾਰਾ ਠੀਕ ਰਹਿ ਗਿਆ ਹੈ, ਕੇਹੜਾ ਅੱਧਾ ਤੇ ਕੇਹੜਾ ਚੌਥਾ ਪੰਜਵਾਂ ਹਿੱਸਾ। ਇਸ ਦਾ ਅਸਰ ਇਹ ਹੋਇਆ ਹੈ ਕਿ ਉਨ੍ਹਾਂ ਦੀ ਹਰ ਇਕ ਗੱਲ ਉਤੇ ਸ਼ੱਕ ਗੁਜ਼ਰਦੀ ਹੈ ਤੇ ਕਿਸੇ ਇਕ ਨੂੰ ਭੀ ਸੋਲਾਂ ਆਨੇ ਠੀਕ ਪ੍ਰਵਾਨ ਕਰ ਲੈਣ ਦਾ ਹੌਸਲਾ ਨਹੀਂ ਪੈਂਦਾ।