ਇਨ੍ਹਾਂ ਨੂੰ ਦਲ ਸਿੰਘ ਭੀ ਆ ਮਿਲਿਆ, ਜੋ ਡੇਰੇ ਦੇ ਪਿਛਲੇ ਪਾਸਿਓਂ ਦੀ ਨਿਕਲ ਕੇ ਜੰਗਲੋ ਜੰਗਲ ਤਲਵਾਰਾਂ ਭੂਰੇ ਵਿਚ ਲਪੇਟੀਆਂ ਹੋਈਆਂ ਲੈ ਕੇ ਆਇਆ ਸੀ। ਇਨ੍ਹਾਂ ਨੇ ਤਲਵਾਰਾਂ ਇਕ ਖੇਤ ਦੇ ਸਿਆੜਾਂ ਵਿਚ ਲਕੋ ਦਿਤੀਆਂ ਤੇ ਆਪ ਵੱਖੋ ਵੱਖ ਹੋ ਗਏ।
ਦਲ ਸਿੰਘ ਬੋਪਾਰਾਏ ਨੂੰ ਮੁੜ ਗਿਆ ਤੇ ਚਾਰੇ ਅੰਮ੍ਰਿਤਸਰੀਏ ਛੀਨੀਵਾਲ ਦੀ ਸੜਕ ਦੇ ਇਕ ਛਪੜ ਤੇ ਜਾ ਟਿਕੇ। ਇਥੇ ਇਕ ਪੁਲਸੀਏ ਸਿਪਾਹੀ ਨੇ ਇਨ੍ਹਾਂ ਨੂੰ ਸੂਤਰ ਦੀ ਹਾਲਤ ਵਿਚ ਨੰਗੇ ਸਿਰ ਮਾਰਦੇ ਤੇ ਜੋਸ਼ ਵਿਚ ਸ਼ਬਦ ਪੜਦੇ ਦੇਖਿਆ। ਇਨ੍ਹਾਂ ਨੂੰ ਦੇਖ ਕੇ ਸਿਪਾਹੀ ਡਰ ਗਿਆ ਤੇ ਆਪਣੀ ਤਲਵਾਰ ਬਾਂਹ ਹੇਠਾਂ ਲੁਕੋ ਕੇ ਪਰਿਓਂ ਦੀ ਲੰਘ ਗਿਆ। ਦਲ ਸਿੰਘ ਜਦ ਬੋਪਾਰਾਏ ਪੁੱਜਾ ਤਾਂ ਪਤਾ ਲੱਗਾ ਕਿ ਪਿਥੋਕੀ ਵਾਲੇ ਸਿੰਘ ਪੁਜ ਗਏ ਹਨ। ਅਮਰ ਸਿੰਘ ਬੋਪਾਰਾਈਏ ਨੇ ਇਨ੍ਹਾਂ ਨੂੰ ਬਾਹਰ ਇਕ ਖੂਹ ਤੇ ਰੋਟੀ ਪਾਣੀ ਛਕਾ ਦਿੱਤਾ ਸੀ। ਦਲ ਸਿੰਘ ਇਨ੍ਹਾਂ ਨੂੰ ਆਪਣੇ ਨਾਲ ਰਾਏਕੋਟੋਂ ਬਾਹਰ ਜਲਾਲਦੀਵਾਲ ਤੇ ਛੀਨੀਵਾਲ ਦੀ ਸੜਕ ਤੇ ਮਿਥੀ ਹੋਈ ਕਿੱਕਰ ਪਾਸ ਲੈ ਆਇਆ। ਹੁਣ ਇਹ ਸਾਰੇ ਅੱਠ ਹੋ ਗਏ, ਤਿੰਨ ਅੰਮ੍ਰਿਤਸਰੀਏ, ਭਗਵਾਨ ਸਿੰਘ, ਲਛਮਨ ਸਿੰਘ ਤੇ ਬੀਰ ਸਿੰਘ, ਚੌਥਾ ਗੁਲਾਬ ਸਿੰਘ (ਇਹ ਭੀ ਅੰਮ੍ਰਿਤਸਰੀਆ ਹੀ ਸੀ) ਪੰਜਵਾਂ ਦਲ ਸਿੰਘ ਛੀਨੀਵਾਲੀਆ ਤੇ ਬਾਕੀ ਤਿੰਨ ਪਿਥੋਕੀ ਵਾਲੇ ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਮੰਗਲ ਸਿੰਘ। ਇਸ ਵੇਲੇ ਰਾਤ ਪੈ ਗਈ ਹੋਈ ਸੀ ਤੇ ਵਕਤ ਦਸ ਵਜੇ ਤੋਂ ਟੱਪ ਚੁੱਕਾ ਸੀ।
ਇਥੋਂ ਥੋੜੀ ਦੂਰ ਨਿਕਲ ਕੇ ਇਨ੍ਹਾਂ ਨੇ ਆਪਣੇ ਵਾਧੂ ਕਪ ਤੇ ਜੁਤੀਆਂ ਲਾਹ ਲਈਆਂ ਤੇ ਰਾਏਕੋਟੋਂ ਜਲਾਲਦੀਵਾਲ ਨੂੰ ਜਾਣ ਵਾਲੀ ਸੜਕੇ ਪੈ ਗਏ। ਦੋ ਖੂਹਾਂ ਦੇ ਲਾਗਿਓਂ ਖੇਤਾਂ ਵਿਚ ਦੀ ਲੰਘ ਕੇ ਇਹ ਰਾਏਕੋਟੋ ਡਢਾਲ ਨੂੰ ਜਾਣ ਵਾਲੀ ਸੜਕ ਤੇ ਚੜ੍ਹ ਗਏ। ਇਹ ਸੜਕ ਇਕ ਡੂੰਘਾ ਪਹਿਆ ਸੀ ਜਿਸ ਵਿਚ ਕਿ ਪਾਣੀ