ਵੇਲੇ ਅਸੀਂ ਮੁੜ ਕੇ ਆਵਾਂਗੇ ਤਾਂ ਤੇਰੇ ਸਿਰ ਵਿਚ ਤੇਲ ਪਾ ਕੇ ਸਾੜਾਂਗੇ, ਅਤੇ ਨੰਦ ਸਿੰਘ ਨਾਮੀ ਇਕ ਕੂਕਾ ਭਾਈ ਰਾਮ ਸਿੰਘ ਦੇ ਕੋਠੇ ਦੀ ਛਤ ਤੇ ਚੜ੍ਹ ਗਿਆ ਤੇ ਉਨ੍ਹਾਂ ਦੇ ਟੱਬਰ ਨੂੰ ਕਹਿਣ ਲੱਗਾ ਕਿ ਤੁਹਾਡੇ ਸਾਰਿਆਂ ਦੇ ਕੇਸਾਂ ਨੂੰ ਅੱਗ ਲਾਈ ਜਾਏਗੀ। ਸਕਰੌਦੀਏ ਸਰਦਾਰਾਂ ਨੂੰ ਪਟਿਆਲਾ, ਨਾਭਾ ਤੇ ਜੀਂਦ ਦੇ ਰਾਜਿਆਂ ਦੇ ਵਿਰੁਧ ਭੀ ਗਿਆਨੀ ਰਤਨ ਸਿੰਘ ਦੇ ਕਾਰਣ ਹੀ ਗੁੱਸਾ ਸੀ ਤੇ ਓਹ ਕੋਈ ਸ਼ੋਰਸ਼ ਖੜੀ ਕਰ ਕੇ ਇਨ੍ਹਾਂ ਪਾਸੋਂ ਭੀ ਬਦਲਾ ਲੈਣਾ ਚਾਹੁੰਦੇ ਸਨ।
ਗਿਆਨੀ ਰਤਨ ਸਿੰਘ ਪਿੰਡ ਮੰਡੀ ਰਿਆਸਤ ਪਟਿਆਲੇ ਦਾ ਜ਼ਿਮੀਂਦਾਰ ਸੀ ਪੜ੍ਹਿਆ ਹੋਇਆ ਤੇ ਵਿਦਵਾਨ ਹੋਣ ਕਰ ਕੇ ਲੋਕੀਂ ਇਸ ਨੂੰ ‘ਗਿਆਨ ਸਿੰਘ’ ਕਰਕੇ ਸਦਦੇ ਸਨ। ਕਈ ਤਾਂ ਇਸ ਦਾ ਅਸਲੀ ਨਾਮ ਜਾਣਦੇ ਹੀ ਨਹੀਂ ਸਨ। ਸੰਮਤ ੧੯੨੦ (ਸੰਨ ੧੮੬੩-੬੪ ਈ.) ਵਿਚ ਇਹ ਭਾਈ ਰਾਮ ਸਿੰਘ ਦੀ ਸੰਗਤ ਵਿਚ ਆ ਕੇ ਕੂਕਾ ਬਣਿਆ। ਇਸ ਪਰ ਕੂਕਿਆਂ ਨੂੰ ਇਤਨੀ ਸਰਧਾ ਸੀ ਕਿ ਜੇ ਕਿਧਰੇ ਕੂਕਿਆਂ ਵਿਚ ਕੋਈ ਝਗੜਾ ਹੋ ਜਾਂਦਾ ਤਾਂ ਓਥੇ ਇਸੇ ਨੂੰ ਫ਼ੈਸਲਾ ਕਰਨ ਲਈ ਸੱਦਿਆ ਯਾ ਭੇਜਿਆ ਜਾਂਦਾ ਸੀ।
ਲੁਧਿਆਣੇ ਦੇ ਮੈਜਿਸਟਰੇਟ ਮਿਸਟਰ ਐਲ. ਕਾਵਨ ਦੀ ਅਦਾਲਤ ਵਿਚ ੨੧ ਸਤੰਬਰ ਸੰਨ ੧੮੭੧ ਨੂੰ ਦਿਤੇ ਆਪਣੇ ਬਿਆਨ ਵਿਚ ਗਿਆਨੀ ਰਤਨ ਸਿੰਘ ਨੇ ਦਸਿਆ ਕਿ ਪੰਜ ਸਾਲ ਹੋਏ ਹਨ (ਸੰਨ ੧੮੬੬ ਦੀ ਗੱਲ ਹੋਵੇਗੀ) ਕਿ ਪਟਿਆਲਾ ਰਿਆਸਤ ਦੇ ਪਿੰਡ ਉੱਬਾ (ਵਾਲ) ਵਿਚ ਇਕ ਹਰਨਾਮ ਸਿੰਘ ਨੇ ਇਹ ਗੱਲ ਘੜ ਕੇ ਕਿ ਓਹ ਗੁਰੁ ਗੋਬਿੰਦ ਸਿੰਘ ਹੈ ਰਾਜ ਪਟਿਆਲਾ ਦੇ ਕਰਮਚਾਰੀਆਂ ਦਾ ਟਾਕਰਾ ਸ਼ੁਰੂ ਕਰ ਦਿੱਤਾ ਸੀ। ਹਰਨਾਮ ਸਿੰਘ ਨੂੰ ਪੰਜ ਸਾਲ ਦੀ ਕੈਦ ਹੋਈ ਅਤੇ ਮੈਨੂੰ (ਗਿਆਨੀ ਰਤਨ ਸਿੰਘ) ਨੂੰ ੧੮ ਮਹੀਨੇ ਦੀ ਸਜ਼ਾ ਇਸ ਕਰਕੇ ਹੋਈ ਕਿ ਮੈਂ ਫ਼ਸਾਦ ਨਹੀਂ ਸੀ ਦਬਾਇਆ।