ਜੇ. ਡਬਲ-ਯੂ. ਮੈਕਨੈਬ ਦੀ ਰਿਪੋਰਟ
੪ ਨਵੰਬਰ ਸੰਨ ੧੮੭੧ ਨੂੰ ਅੰਬਾਲੇ ਦੇ ਪਹਿਲੇ ਕਮਿਸ਼ਨਰ ਮਿਸਟਰ ਜੇ ਡਬਲ-ਯੂ. ਮੈਕਨੈਬ ਨੇ ਭਾਈ ਰਾਮ ਸਿੰਘ ਤੇ ਕੂਕਿਆਂ ਸੰਬੰਧੀ ਇਕ ਯਾਦ-ਦਾਸ਼ਤ ਰਿਪੋਰਟ ਤਿਆਰ ਕਰ ਕੇ ਸਰਕਾਰ ਪੰਜਾਬ ਨੂੰ ਭੇਜੀ ਜਿਸ ਵਿਚ ਜ਼ਬਰਦਸਤ ਸਫ਼ਾਰਸ਼ ਕੀਤੀ ਕਿ ਚੂੰਕਿ ਅੰਮ੍ਰਿਤਸਰ ਤੇ ਰਾਇਕੋਟ ਆਦਿ ਦੇ ਕਤਲਾਂ ਵਿਚ ਭਾਈ ਰਾਮ ਸਿੰਘ ਦਾ ਹਥ ਦਿਸਦਾ ਹੈ ਅਤੇ ਇਨ੍ਹਾਂ ਦਾ ਫ਼ਿਰਕਾ ਸਰਕਾਰ ਦਾ ਵਿਰੋਧੀ ਤੇ ਬਗਾਵਤੀ ਹੁੰਦਾ ਜਾ ਰਿਹਾ ਹੈ, ਇਸ ਲਈ ਭਾਈ ਰਾਮ ਸਿੰਘ ਨੂੰ ਕਾਲੇ ਪਾਣੀ ਜਲਾਵਤਨ ਕਰ ਦਿੱਤਾ ਜਾਏ; ਘੱਟੋ ਘੱਟ ਉਹ ਕੂਕਿਆਂ ਦੀ ਉਕਸਾਹਟ ਦਾ ਕਾਰਣ ਹੋਣ ਕਰਕੇ ਸਜ਼ਾ ਤੋਂ ਸੱਕਾ ਨਾ ਬਚਿਆ ਰਹੇ।
ਰਿਪੋਰਟ ਇਸ ਤਰ੍ਹਾਂ ਹੈ:-
ਸੰਨ ੧੮੬੭ ਅਤੇ ਸੰਨ ੧੮੬੮ ਬਾਬਤ ਸੈਂਟਰਲ ਪੋਲੀਸ ਔਫ਼ਿਸ ਵਲੋਂ ਰਿਪੋਰਟਾਂ ਛਪੀਆਂ ਹੋਈਆਂ ਹੋਣ ਕਰਕੇ ਇਸ ਗੱਲ ਦੀ ਲੋੜ ਨਹੀਂ ਭਾਸਦੀ ਕਿ ਇਸ ਫਿਰਕੇ ਦੇ ਮੁਢ ਬੱਝਣ ਸੰਬੰਧੀ ਕੁਝ ਕਿਹਾ ਜਾਏ।
ਉਪਰੋਕਤ ਚਿੱਠੀ-ਪੱਤ੍ਰ ਨੂੰ ਪੜ੍ਹਨ ਅਤੇ ਉਨ੍ਹਾਂ ਗੱਲਾਂ ਦੇ ਵਿਚਾਰਣ ਪਰ, ਜਿਨ੍ਹਾਂ ਦੇ ਆਧਾਰ ਤੇ ਓਹ ਲਿਖ-ਪੜ੍ਹੀ ਹੋਈ ਹੈ, ਮੇਰਾ ਖਿਆਲ ਪੱਕਾ ਹੋ ਗਿਆ ਹੈ ਕਿ ਆਰੰਭ ਵਿਚ ਇਸ ਫਿਰਕੇ ਦੇ ਆਗੂਆਂ ਦੀ ਮਨਸ਼ਾ ਕੁਝ ਭੀ ਕਿਉਂ ਨਾ ਹੋਵੇ, ਹੁਣ ਇਸ ਫਿਰਕੇ ਦਾ ਰੁਝਾਨ ਰਾਜਸੀ ਹੈ।