ਪੰਨਾ:ਕੂਕਿਆਂ ਦੀ ਵਿਥਿਆ.pdf/154

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
૧૫૦
ਕੂਕਿਆਂ ਦੀ ਵਿਥਿਆ

ਥਾਵਾਂ ਵਿਚ ਆਪਣਾ ਵਪਾਰ ਕਰ ਰਹੇ ਬੁੱਚੜਾਂ ਦਾ ਓਪਰਿਆਂ ਵਲੋਂ ਕਤਲ ਕੀਤਾ ਜਾਣਾ ਸਾਡੇ ਅਧਕਾਰ ਦੀ ਖੁੱਲ੍ਹੀ ਵਿਰੋਧਤਾ ਹੈ ਅਤੇ ਮੇਰੀ ਬੇਨਤੀ ਹੈ ਕਿ ਇਸੇ ਤਰ੍ਹਾਂ ਦੀ ਵਿਰੋਧਤਾ ਦਾ ਬਿਨਾਂ ਸਖ਼ਤ ਸਜ਼ਾਵਾਂ ਦੇ ਲੰਘ ਜਾਣਾ ਸਾਡੀ ਤਾਕਤ ਲਈ ਖਤਰਨਾਕ ਹੈ।

ਇਸ ਆਮ ਰਾਏ ਨੂੰ ਮੁਖ ਰਖਦੇ ਹੋਏ ਕਿ ਵਿਰੋਧਤਾ ਦੇ ਇਨਾਂ ਕੰਮਾਂ ਵਿਚ ਫਿਰਕੇ ਦੇ ਆਗੂ ਦੀ ਸਾਫ਼ ਆਗਿਆ ਹੈ, ਦੇਸ ਦੇ ਅਮਨ-ਚੈਨ ਲਈ ਜ਼ਰੂਰੀ ਪ੍ਰਤੀਤ ਹੁੰਦਾ ਹੈ ਕਿ ਰਾਮ ਸਿੰਘ ਨੂੰ ਕਿਸੇ ਐਸੇ ਥਾਂ ਦੇਸ ਨਿਕਾਲਾ ਦੇ ਦਿੱਤਾ ਜਾਏ ਜਿਥੇ ਕਿ ਇਸ ਦੇ ਸ਼ਰਧਾਲੂ ਇਸ ਨੂੰ ਮਿਲ ਨਾ ਸਕਣ ਅਤੇ ਇਸ ਦੇ ਸੂਬਿਆਂ ਨੂੰ ਉਨਾਂ ਦੇ ਘਰੀਂ ਨਜ਼ਰ ਬੰਦ ਕਰ ਦਿੱਤਾ ਜਾਏ ਤੇ ਮੇਲੇ ਲਾਉਣ ਦੀ ਮਨਾਹੀ ਕਰ ਦਿੱਤੀ ਜਾਏ।

ਜੇ ਇਹ ਨਾ ਕੀਤਾ ਗਿਆ, ਤਾਂ ਸਾਡੇ ਕੁਝ ਨਾ ਕਰਨ ਵਿਚ ਸਾਡਾ ਡਰ ਜਾਣਾ ਸਮਝਿਆ ਜਾਏਗਾ ਅਤੇ ਰਾਮ ਸਿੰਘ ਅੱਗੇ ਨਾਲੋਂ ਬਹੁਤ ਵੱਡਾ ਬਣ ਜਾਏਗਾ ਅਤੇ ਇਸ ਗੱਲ ਵਿਚ ਸ਼ੱਕ ਨਹੀਂ ਕਿ ਉਸ ਦੀ ਤਾਕਤ ਅਤੇ ਕੂਕਿਆਂ ਦੀ ਗਿਣਤੀ ਦਾ ਵਧ ਜਾਣਾ ਬੜੇ ਫਸਾਦਾਂ ਦੇ ਖਤਰੇ ਦਾ ਕਾਰਣ ਹੋਵੇਗਾ।

ਹੁਣ ਮੈਂ ਰਾਮ ਸਿੰਘ ਦੀ ਫੌਜਦਾਰੀ ਗ੍ਰਿਫਤਾਰੀ ਲਈ ਅੰਮ੍ਰਿਤਸਰ ਤੇ ਰਾਏਕੋਟ ਦੇ ਕਤਲਾਂ ਦੀ ਉਕਸਾਹਟ ਲਈ ਸ਼ਹਾਦਤ ਦਾ ਵੇਰਵਾ ਦਿੰਦਾ ਹਾਂ। [ਇਸ ਤੋਂ ਬਾਦ ਸ਼ਹਾਦਤਾਂ ਦੀ ਛਾਣ ਪੁਣ ਕਰ ਕੇ ਭਾਈ ਰਾਮ ਸਿੰਘ ਨੂੰ ਅੰਮ੍ਰਿਤਸਰ, ਰਾਏਕੋਟ ਤੇ ਮੋਰਿੰਡੇ ਦੇ ਕਤਲਾਂ ਵਿਚ ਉਕਸਾਹਟ ਦਾ ਦੋਸੀ ਦੱਸਣ ਦਾ ਯਤਨ ਕੀਤਾ ਹੈ।]

ਮੇਰੀ ਪੱਕੀ ਰਾਏ ਹੈ ਕਿ ਸਭ ਤੋਂ ਸੌਖੀ ਗੱਲ ਇਹ ਹੈ ਕਿ ਰਾਮ ਸਿੰਘ ਨੂੰ ਉਮਰ ਭਰ ਲਈ ਕਾਲੇ ਪਾਣੀ ਭੇਜ ਦਿੱਤਾ ਜਾਏ।

Digitized by Panjab Digital Library/ www.panjabdigilib.org