ਭੈਣੀ ਵਿਚ ਮਾਘੀ ਦਾ ਮੇਲਾ
ਸੰਨ ੧੮੭0 ਦੇ ਅਖੀਰ ਵਿਚ ਸਰਕਾਰ ਪੰਜਾਬ ਨੇ ਭਾਈ ਰਾਮ ਸਿੰਘ ਅਤੇ ਕੂਕਿਆਂ ਉਤੇ ਬੰਦਸ਼ ਲਾ ਦਿੱਤੀ ਸੀ ਕਿ ਉਹ ਸੰਮਤ ੧੯੨੮ (ਜਨਵਰੀ ਸੰਨ ੧੮੭੨) ਦੀ ਮਾਘੀ ਦੇ ਮੌਕੇ ਤੇ ਮੁਕਤਸਰ ਨਾ ਜਾਣ ਅਤੇ ਹੋਰ ਕਿਸੇ ਮੇਲੇ ਤੇ ਇਕੱਠੇ ਨਾ ਹੋਣ। ਪਰ ਉਨ੍ਹਾਂ ਨੂੰ ਭੈਣੀ ਜਾਣ ਤੋਂ ਰੋਕ ਨਹੀਂ ਸੀ। ਇਸ ਲਈ ਭਾਈ ਰਾਮ ਸਿੰਘ ਨੇ ਕੂਕਾ ਸੰਗਤਾਂ ਦੇ ਨਾਮ ਹੁਕਮ ਜਾਰੀ ਕਰ ਦਿੱਤੇ ਕਿ ਉਹ ਸਾਰੇ ਮਾਘੀ ਦੇ ਮੌਕੇ ਤੇ ਭੈਣੀ ਮੇਲਾ ਲਾਉਣ ਜਿਥੇ ਕਿ ਕੁਝ ਜ਼ਰੂਰੀ ਹੁਕਮ ਦਿੱਤੇ ਜਾਣਗੇ। ਭਾਈ ਰਾਮ ਸਿੰਘ ਦਾ ਇਹ ਹੁਕਮ ਲਾਹੌਰ ਵਿਚ ਮੱਖਣ ਸਿੰਘ ਨਾਮੀ ਇਕ ਕੂਕੇ ਨੇ ਮਾਘੀ ਤੋਂ ਪੰਦਰਾਂ ਕੁ ਦਿਨ ਪਹਿਲਾਂ ਨਸ਼ਰ ਕੀਤਾ ਸੀ। ਸਰਕਾਰ ਨੂੰ ਇਸ ਦਾ ਵੇਲੇ ਸਿਰ ਪਤਾ ਲਗ ਗਿਆ ਸੀ, ਪਰ ਇਸ ਨੂੰ ਇਕ ਮਾਮੂਲੀ ਹਵਾੜਾ ਸਮਝ ਕੇ ਇਸ ਵਲ ਕੋਈ ਗੌਹ ਨਾ ਕੀਤਾ ਗਿਆ ਅਤੇ ਭੈਣੀ ਜਾਣ ਵਾਲੇ ਕੂਕਿਆਂ ਉਤੇ ਕੋਈ ਬੰਦਸ਼ ਨਾ ਲਾਈ ਗਈ।
ਵੀਰਵਾਰ ੧੧ ਜਨਵਰੀ ਨੂੰ ਲੋਹੜੀ ਸੀ ਅਤੇ ਸ਼ੁਕਰਵਾਰ ੧੨ ਜਨਵਰੀ ਨੂੰ ਮਾਘੀ। ਇਸ ਤੋਂ ਪਹਿਲਾਂ ਭੈਣੀ ਵਿਚ ਮਾਘੀ ਦਾ ਮੇਲਾ ਕਦੇ ਨਹੀਂ ਸੀ ਲੱਗਾ। ਕੂਕੇ ੧੦ ਜਨਵਰੀ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ। ਕੂਕਿਆਂ ਵਿਚ ਕੁਝ ਚਿਰ ਤੋਂ ਇਹ ਆਮ ਹਵਾਈ ਸੀ ਕਿ ਸੰਮਤ ਅਠਾਈਏ (੧੯੨੮ ਬਿਕ੍ਰਮੀ) ਦੇ ਚੇਤ (ਮਾਰਚ-