ਅਪ੍ਰੈਲ ਸੰਨ ੧੮੭੨ ਈਸਵੀ) ਵਿਚ ਕੋਈ ਭਾਣਾ ਵਰਤਣ ਵਾਲਾ ਹੈ, ਇਸ ਲਈ ਕਈ ਪਿੰਡਾਂ ਦੇ ਕੂਕੇ ਤਾਂ ਆਪਣੀ ਭੋਂ ਤੇ ਡੰਗਰ ਵੱਛਾ ਵੇਚ ਵੱਟ ਕੇ ਪਹਿਲੇ ਹੀ ਭੈਣੀ ਪੁਜ ਗਏ ਹੋਏ ਸਨ। ਮੇਲਾ ਚੋਖਾ ਭਰ ਗਿਆ। ਅੱਖੀਂ ਦੇਖਣ ਵਾਲਿਆਂ ਦਾ ਅੰਦਾਜ਼ਾ ਇਕ ਹਜ਼ਾਰ ਤਕ ਦਾ ਸੀ। ਸਰਫ਼ਰਾਜ਼ ਖਾਨ ਡਿਪਟੀ ਇਨਸਪੈਕਟਰ ਪੋਲੀਸ ਲੁਧਿਆਣਾ ਦਾ ਅੰਦਾਜ਼ਾ ਪੰਜ ਕੁ ਸੌ ਆਦਮੀ ਦਾ ਸੀ।
ਇਸ ਮੌਕੇ ਤੇ ਦੀਵਾਨ ਆਦਿ ਤੋਂ ਬਿਨਾਂ ੨੫ ਗੁਰੂ ਗ੍ਰੰਥ ਸਾਹਿਬਾਂ ਦਾ ਪਾਠ ਉਨ੍ਹਾਂ ਸਿੰਘਾਂ ਦੇ ਨਮਿਤ ਰਖਿਆ ਹੋਇਆ ਸੀ ਜਿਹੜੇ ਕਿ ਗਊਆਂ ਮਾਰਨ ਵਾਲਿਆਂ ਨੂੰ ਮਾਰਨ ਬਦਲੇ ਫਾਂਸੀ ਚੜ੍ਹੇ ਸਨ। ਇਨ੍ਹਾਂ ਦੀ ਬਹਾਦੁਰੀ ਤੇ ਕੁਰਬਾਨੀ ਦੀ ਆਮ ਚਰਚਾ ਸੀ ਅਤੇ ਉਨਾਂ ਦੀ ਸਿਫ਼ਤ ਵਿਚ ਬੜੇ ਜੋਸ਼ੀਲੇ ਗੀਤ ਗਾਏ ਜਾ ਰਹੇ ਸਨ। ਇਸ ਕਰਕੇ ਕੂਕਿਆਂ ਵਿਚ ਕਾਫੀ ਜੋਸ਼ ਸੀ ਅਤੇ ਉਨ੍ਹਾਂ ਦੇ ਦਿਲਾਂ ਵਿਚ ਬਦਲੇ ਦੀ ਅੱਗ ਭੜਕ ਰਹੀ ਸੀ, ਖਾਸ ਕਰਕੇ ਗਿਆਨੀ ਰਤਨ ਸਿੰਘ ਦੇ ਬਦਲੇ ਲਈ ਤਾਂ ਬੜਾ ਹੀ ਜੋਸ਼ ਸੀ। ਕੂਕਿਆਂ ਵਿਚ ਉਸ ਦੀ ਬੜੀ ਇੱਜ਼ਤ ਸੀ ਤੇ ਇਹ ਉਸ ਨੂੰ ਨਿਰਦੋਸ ਸਮਝਦੇ ਸਨ। ਕਈ ਕੂਕੇ ਭਾਈ ਰਾਮ ਸਿੰਘ ਨੂੰ ਇਨ੍ਹਾਂ ਦਾ ਬਦਲਾ ਲੈਣ ਲਈ ਕਹਿੰਦੇ ਸਨ, ਪਰ ਉਹ ਇਸ ਨੂੰ ‘ਮਾੜਾ ਕੰਮ’ ਆਖ ਕੇ ਉਨ੍ਹਾਂ ਨੂੰ ਵਰਜਦੇ ਸਨ। ਪਰ ਸਕਰੌਦੀ ਦੇ ਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਕੁਝ ਨਾ ਕੁਝ ਰੰਗ ਘੋਲਣ ਤੇ ਤੁਲੇ ਹੋਏ ਸਨ ਅਤੇ ਉਨ੍ਹਾਂ ਦੇ ਮਸਤਾਨੇ ਸਾਥੀਆਂ ਦਾ ਜੋਸ਼ ਵਧਦਾ ਜਾ ਰਿਹਾ ਸੀ।
੧੩ ਜਨਵਰੀ ਸਨਿੱਚਰਵਾਰ ਨੂੰ ਕੂਕਿਆਂ ਨੇ ਦੋ ਵਜੇ ਸਵੇਰੇ (ਅੱਧੀ ਰਾਤੋਂ ਦੋ ਘੰਟੇ ਪਿਛੋਂ) ਰਾਮਸਰ ਵਿਚ ਅਸ਼ਨਾਨ ਕੀਤਾ ਤੇ ਛੇ ਵਜੇ ਸਵੇਰੇ ਤਕ ਦੀਵਾਨ ਲੱਗਾ ਰਿਹਾ। ਦੀਵਾਨ ਪਿਛੋਂ ਭਾਈ ਰਾਮ ਸਿੰਘ ਨੇ ਕੂਕਿਆਂ ਨੂੰ ਘਰਾਂ ਨੂੰ ਜਾਣ ਲਈ ਕਿਹਾ। ਜਦ ਮੇਲਾ ਛਿੜ-ਛਿੜੀ ਤੇ ਆਇਆ ਅਤੇ ਕੂਕੇ ਘਰੋ ਘਰੀ ਜਾ ਰਹੇ ਸਨ ਤਾਂ