ਪੰਨਾ:ਕੂਕਿਆਂ ਦੀ ਵਿਥਿਆ.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੦

ਕੂਕਿਆਂ ਦੀ ਵਿਥਿਆ

ਹੋਏ ਨੂੰ ਦੇਖਿਆ ਤਾਂ ਉਹ ਕੇਵਲ ਦਸ ਬਾਰਾਂ ਆਦਮੀ ਹੀ ਸਨ ਅਤੇ ਉਨ੍ਹਾਂ ਪਾਸ ਕੋਈ ਹਥਿਆਰ ਨਹੀਂ ਸਨ। ਉਨ੍ਹਾਂ ਵਿਚੋਂ ਦੇ ਤਿੰਨਾਂ ਕੋਲ ਦੰਦਾਂ ਲਈ ਦਾਤਨਾਂ ਵਾਸਤੇ ਬਿਰਛਾਂ ਦੀਆਂ ਟਾਹਣੀਆਂ ਵੱਢਣ ਵਾਲੇ ਟਕੂਏ ਸਨ। ਉਨ੍ਹਾਂ ਨੇ ਮੈਨੂੰ ਨਹੀਂ ਸੀ ਦਸਿਆ ਕਿ ਉਨ੍ਹਾਂ ਨੇ ਕਿਥੇ ਤੇ ਕੀ ਕਰਨਾ ਹੈ। ਉਨ੍ਹਾਂ ਕੇਵਲ ਇਹ ਹੀ ਕਿਹਾ ਸੀ ਕਿ ਅਸੀਂ ‘ਰੰਗ ਘੋਲਾਂਗੇ’। ਜਦ ਮੈਂ ਉਨ੍ਹਾਂ ਦੇ ਕਿਸੇ ਕੰਮ ਵਿਚ ਕੋਈ ਹਿੱਸਾ ਲੈਣੋਂ ਨਾਂਹ ਕਰ ਦਿੱਤੀ ਤਾਂ ਓਹ ਮੇਰੇ ਨਾਲ ਗੁੱਸੇ ਹੋ ਗਏ ਤੇ ਆਖਣ ਲੱਗੇ ‘ਚੂੰਕਿ ਤੂੰ ਸਾਡੇ ਨਾਲ ਨਹੀਂ ਰਲਦਾ ਹੈਂ, ਇਸ ਲਈ ਜਿਸ ਵੇਲੇ ਅਸੀਂ ਮੁੜ ਕੇ ਆਵਾਂਗੇ ਤਾਂ ਤੇਰੇ ਸਿਰ ਵਿਚ ਤੇਲ ਪਾ ਕੇ ਸਾੜਾਂਗੇ’। ਨੰਦ ਸਿੰਘ ਸਾਡੇ ਡੇਰੇ ਦੀ ਛੱਤ ਉਤੇ ਚੜ੍ਹ ਗਿਆ ਤੇ ਉੱਚੀ ਆਵਾਜ਼ ਨਾਲ ਮੇਰੇ ਟੱਬਰ ਨੂੰ ਕਹਿਣ ਲੱਗਾ ਕਿ ਤੁਹਾਡੇ ‘ਸਾਰਿਆਂ ਦੇ ਕੇਸਾਂ ਨੂੰ ਅੱਗ ਲਾਈ ਜਾਏਗੀ’।

ਸੂਬਾ ਸਾਹਿਬ ਸਿੰਘ ਭੀ ਮਿਸਟਰ ਜੇ. ਡਬਲ-ਯੂ. ਮੈਕਨੈਬ ਦੇ ਰੂਬਰੂ ਹੋਏ ੨੪ ਅਪ੍ਰੈਲ ਸੰਨ ੧੮੭੨ ਦੇ ਆਪਣੇ ਬਿਆਨ ਵਿਚ ਕਹਿੰਦਾ ਹੈ ਕਿ ਭਾਈ ਰਾਮ ਸਿੰਘ ਨੇ ਪਹਿਲਾਂ ਮੈਨੂੰ ਭੇਜਿਆ ਸੀ ਕਿ ਮੈਂ ਮਸਤਾਨਿਆਂ ਨੂੰ ਘਰੋ ਘਰੀ ਤੋਰ ਆਵਾਂ। ਉਨ੍ਹਾਂ ਨੂੰ ਗਾਲੀਆਂ ਕੱਢੀਆਂ ਤੇ ਜਾਣੋਂ ਨਾਂਹ ਕਰ ਦਿੱਤੀ। ਫਿਰ ਮੈਂ ਹੋਰਨਾਂ ਨੂੰ ਬੁਲਾਇਆ ਅਤੇ ਅੰਤ ਖੁਦ ਭਾਈ ਰਾਮ ਸਿੰਘ ਆਏ ਤੇ ਅਧੀਨਗੀ ਨਾਲ ਉਨ੍ਹਾਂ ਪਾਸੋਂ ਚਲੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਭੁੱਖੇ ਹਾਂ। ਸੋ ਭਾਈ ਰਾਮ ਸਿੰਘ ਨੇ ਉਨ੍ਹਾਂ ਨੂੰ ਆਪਣੇ ਵੇਹੜੇ ਵਿਚ ਲੰਗਰ ਛਕਾਇਆ ਤੇ ਫੇਰ ਓਹ ਤੁਰ ਗਏ। ਮੈਂ ਠਾਣੇਦਾਰ ਨੂੰ ਉਨ੍ਹਾਂ ਦਾ ਧਿਆਨ ਰੱਖਣ ਲਈ ਕਿਹਾ ਤੇ ਉਨ੍ਹਾਂ ਦੇ ਨਾਮ ਲਿਖ ਦਿਤੇ।

Digitized by Panjab Digital Library/ www.panjabdigilib.org