ਤੇ ਲਾ ਦਿੱਤਾ, ਅਤੇ ਮਹਾਰਾਜਾ ਕਪੂਰਥਲਾ ਨੂੰ ਕਹਿ ਘੱਲਿਆ ਕਿ ੧੦੦ ਸਿਪਾਹੀ ਤੇ ੨੫ ਘੋੜ-ਚੜ੍ਹੇ ਭੇਜ ਕੇ ਫਗਵਾੜੇ ਦੀਆਂ ਚੌਂਕੀਆਂ ਤਕੜੀਆਂ ਕਰ ਲਵੇ। ਇਸ ਦੇ ਨਾਲ ਹੀ ਇੰਤਜ਼ਾਮ ਕਰ ਦਿੱਤੇ ਕਿ ਕੋਈ ਕੂਕਾ ਅਨੰਦਪੁਰ ਮਾਖੋਵਾਲ ਨੂੰ ਨਾ ਲੰਘ ਸਕੇ। ਇਸੇ ਤਰ੍ਹਾਂ ਖਬਰ ਪੁਜਦੇ ਸਾਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕੈਪਟਨ ਸੀ. ਐਚ. ਟੀ. ਮਿਚੱਲ ਨੇ ਅੰਮ੍ਰਿਤਸਰ ਸਟੇਸ਼ਨ ਤੇ ਆਵਾ-ਜਾਈ ਰੋਕਣ ਲਈ ਪਹਿਰਾ ਲਾ ਦਿੱਤਾ, ਸਾਰੇ ਪੱਤਣ ਤੇ ਘਾਟ ਰੋਕ ਲਏ ਤੇ ਨਿਗਰਾਨੀ ਲਾ ਦਿੱਤੀ ਤੇ ਪਿੰਡ ਲੋਪੋਕੀ ਇਕ ਕਰੜੀ ਗਾਰਦ ਬਿਠਾ ਦਿੱਤੀ। ਪਰ ਪਿਛੋਂ ਜਦ ਜਾਲੰਧਰ ਦੇ ਕਮਿਸ਼ਨਰ ਮੇਜਰ ਪਾਸਕ ਨੇ ਡਿਪਟੀ ਕਮਿਸ਼ਨਰ ਬਰਚ ਨੂੰ ਹੋਰ ਵੇਰਵੇ ਲਈ ਤਾਰ ਦਿੱਤੀ ਤਾਂ ਪਤਾ ਲੱਗਾ ਕਿ ਓਥੇ ਤਾਂ ਕੂਕੇ ਹੈ ਹੀ ਨਹੀਂ ਸਨ ਉਹ ਤਾਂ ਕੇਵਲ ੧੦ ਯਾ ੧੫ ਨਿਹੰਗ ਸਨ, ਜੋ ਆਨੰਦਪੁਰ ਮਾਖੋਵਾਲ ਨੂੰ ਜਾ ਰਹੇ ਸਨ।
੨੧ ਜਨਵਰੀ ਨੂੰ ਇਨਸਪੈਕਟਰ ਜਨਰਲ ਪੁਲੀਸ ਨੂੰ ਦਿੱਲੀ ਤਾਰ ਪੁੱਜੀ ਕਿ ਲੁਧਿਆਣੇ ਤੇ ਫ਼ੀਰੋਜ਼ਪੁਰ ਦੇ ਵਿਚਕਾਰ ਤਾਰ ਕੱਟੀ ਗਈ ਹੈ ਤੇ ਜ਼ੀਰੇ ਤੋਂ ਦੋ ਸੌ ਕੂਕਾ ਫ਼ੀਰੋਜ਼ਪੁਰ ਉਤੇ ਚੜ੍ਹਿਆ ਜਾ ਰਿਹਾ ਹੈ। ਜਦ ਸਰਕਾਰ ਪੰਜਾਬ ਨੇ ਦਿੱਲੀ ਤੋਂ ਲੁਧਿਆਣੇ ਤੇ ਫ਼ੀਰੋਜ਼ਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਤਾਰਾਂ ਦਿੱਤੀਆਂ ਤਾਂ ਪਤਾ ਲੱਗਾ ਕਿ ਨਾ ਤਾਂ ਕੋਈ ਤਾਰ ਹੀ ਕਿਧਰੇ ਕੱਟੀ ਗਈ ਹੈ ਨਾ ਹੀ ਕੋਈ ਕੂਕਾ ਫ਼ੀਰੋਜ਼ਪੁਰ ਉੱਤੇ ਚੜ੍ਹਾਈ ਕਰ ਰਿਹਾ ਹੈ।
*ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕੈਪਟਨ ਮਿਚੱਲ ਦੀ ਚਿੱਠੀ ਜੋਗ ਸਕੱਤ੍ਰ ਸਰਕਾਰ ਪੰਜਾਬ, ੮ ਜਨਵਰੀ ੧੮੭੨; ਕਮਿਸ਼ਨਰ ਜਲੰਧਰ ਦੀ ਚਿੱਠੀ, ੨੦ ਜਨਵਰੀ ੧੮੭੨; ਸਰਕਾਰ ਪੰਜਾਬ ਦੀਆਂ ਤਾਰਾਂ ਜੋਗ ਡਿਪਟੀ ਕਮਿਸ਼ਨਰ ਫ਼ੀਰੋਜ਼ਪੁਰ ਤੇ ਲੁਧਿਆਣਾ, ਤੇ ਉਨ੍ਹਾਂ ਦੇ ਉਤ੍ਰ ੨੧-੨੨ ਜਨਵਰੀ ੧੮੭੨।