ਮਨੂੰ ਤਾਂ ਤੇ ਬਹੁਤ ਅਰਦਾਸਾਂ ਲਿਖ ਕੇ ਦਿੱਤੀਆਂ ਹਨ, ਜੋ ਨਾ ਮੰਨਿਆ ਤਾਂ ਇਸ ਤੇ ਭਾਵੇਂ ਦਸ ਗੁਨਾਂ ਲਿਖ ਕੇ ਭੇਜੀਏ ਕੁਛ ਨਹੀਂ ਫੈਦਾ ਲਿਖਣ ਦਾ॥ ਅਗੇ ਮੈਂ ਤਾਂ ਸਾਰੀ ਸੰਗਤ ਦੇ ਸੁਖ ਦੀ ਬਾਤ ਲਿਖਦਾ ਹਾਂ, ਜਿਸ ਤੇ ਸੁਖ ਹੋਵੇ ਅਰ ਦੁਖ ਕਟਿਆ ਜਾਵੇ, ਅਗੇ ਸੰਗਤ ਜਾਣੇ॥ ਇਕ ਨੂੰ ਨਹੀਂ, ਏਹ ਅਰਦਾਸ ਸਾਰੀ ਸੰਗਤ ਨੂੰ ਹੈ। ਅਰ ਹੁਣ ਜੋ ਨਾਮਧਾਰੀ ਹਨ, ਏਸ ਪਿੰਡ ਦਾ ਨਾਉ ਰਾਮਦਾਸ ਪੁਰਾ ਸੱਦਿਆ ਕਰੋ, ਹੋਰ ਲੋਕਾਂ ਨੂੰ ਨਹੀਂ ਆਖਣਾ ਸੰਗਤ ਆਂਖੇ ਰਾਮਦਾਸਪਰਾ*॥ ਹੋਰ ਭਾਈ ਹੁਣ ਤੁਸੀ ਏਥੇ ਔਣ ਤੇ ਬੰਦ ਕਰੋ॥ ਸਿੰਘਾਂ ਦੇ ਏਥੇ ਔਣ ਤੇ ਖਰਚ ਖੇਚਲ ਤੇ ਬਹੁਤ ਹੁੰਦੀ ਹੈ ਅਰ ਮੇਲਾ ਕੁਛ ਨਹੀਂ ਹੁੰਦਾ। ਜੇ ਏ ਲੋਕ ਮਲੂਮ ਕਰ ਲੈਣ ਤਾਂ ਏਹ ਖਬਰ ਨਹੀਂ ਕੀ ਦੁਖ ਦੇਣ। ਸਾਨੂੰ ਭੀ ਤੇ ਔਓਣ ਵਾਲਿਆਂ ਨੂੰ ਭੀ। ਏਨਾ ਮੈ ਮਨ ਮੈ ਰਹਮ ਨਹੀਂ ਅਮਲੇਛਾਂ ਦੇ। ਜੋ ਨਾ ਮਨੇ ਹੋਵੇ ਓਥੇ ਅਗੇ ਜੋ ਹੱਥ ਜੋੜ ਕੇ ਮਨੇ ਕਰਨਾ, ਜੇ ਸਾਨੂੰ ਕੋਈ ਦੁਖ ਹੋਇਆ ਤਾਂ ਬੀ ਬੁਰਾ ਹੈ, ਜੇ ਆਉਣ ਵਾਲਿਆਂ ਨੂੰ ਦੁਖ ਕਿਸੇ ਤਰਹ ਦਾ ਹੋਇਆ ਤਾਂ ਸਾਨੂੰ ਆਪਨੇ ਦੁਖ ਤੇ ਬਡਾ ਦੁਖ ਹੈ।
ਇਹ ਤਾਂ ਬਾਤ ਹੀ ਮੁਕੀ ਹੋਈ ਹੈ ਜੇ ਤਾਂ ਮੇਰਾ ਸਰੀਰ ਉਹ ਹੈ ਜੋ ਗੁਰੂ ਜੀ ਨੇ ਆਖਿਆ ਹੈ ਤਾਂ ਤੇ ਮੈਂ ਆਪੇ ਹੀ ਆ ਜਾਉਂ ਡੇਰੇ, ਕੋਈ ਦਿਨ ਤਾਂਈ॥ ਅਰ ਜੇ ਮੈਂ ਉਹ ਸਰੀਰ ਨਹੀਂ ਤਾਂ ਮੇਰਾ ਦਰਸ਼ਨ ਕਰ ਕੇ ਕੀ ਕਰਨਾ ਹੈ, ਤੁਸੀਂ ਦੇਖ ਲਵੋ ਵਿਚਾਰ ਕਰ ਕੇ। ਇਹ ਅਰਦਾਸ ਦੇਣੀ ਡੇਰੇ॥ ਨਾਲੇ ਤੁਸੀ ਭੀ ਏਸ ਦਾ ਤਾਤਪਰਜ ਸਮਝ ਲੈਣਾ॥ ਅਰ ਭਾਈ ਏਸ ਅਰਦਾਸ ਦੇ ਅਖਰ ਜੁੜ ਨ ਜਾਣ, ਬਡੀ ਮਿਹਨਤ ਨਾਲ ਲਿਖੀ ਹੈ ਭਜਨ ਬਾਣੀ ਛਡ ਕੇ।
॥ ਅਰਦਾਸ ਲਿਖੀ ਚੇਤ ਬਦੀ ੨ ਸਾਲ ੧੯੩੭ ॥ ੧੦ ॥
*ਇਸ ਦਾ ਮਤਲਬ ਹੈ ਕਿ ਅੱਗੇ ਨੂੰ ਭੈਣੀ ਦਾ ਨਾਮ ‘ਰਾਮਦਾਸ ਪੁਰਾ' ਕਰਕੇ ਬੁਲਾਇਆ ਜਾਏ।