ਪੰਨਾ:ਕੂਕਿਆਂ ਦੀ ਵਿਥਿਆ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੪

ਕੂਕਿਆਂ ਦੀ ਵਿਥਿਆ

ਪਾਸ, ਫੇਰ ਭੀ ਤਾਂ ਉਤਨਾ ਈ ਕਜੀਆ ਰਿਹਾ॥ ਤਾਂ ਤੇ ਮਿੱਟੀ ਦੀ ਬਾਤ ਕੁਛ ਨਹੀਂ, ਜੋ ਤੈਨੂੰ ਮੈ ਅਰਦਾਸ ਲਿਖ ਕੇ ਦਿੱਤੀ ਹੈ ਜੋ ਤੂੰ ਏਸ ਅਰਦਾਸ ਮੈ ਜੋ ਬਿਧੀ ਲਿਖੀ ਹੈ ਸੋ ਤੂੰ ਉਹ ਬਿਧੀ ਕਰ, ਤਾਂ ਤੇ ਸਰਬ ਹੀ ਦੁਖ ਦੂਰ ਹੋ ਜਾਣਗੇ, ਇਹ ਦੁਆਈ ਸਰਬ ਦੁਖਾਂ ਦੇ ਦੂਰ ਕਰਨ ਵਾਲੀ ਹੈ। ਗੁਰੂ ਜੀ ਨੇ ਲਿਖੀ ਹੈ, ਸਰਬ ਰੋਗ ਕਾ ਔਖਦ ਨਾਮ॥ ਸਮਾਂ ਤਾਂ ਆਇਆ ਮਿਟਦਾ ਨਹੀਂ ਕਿਸੇ ਤੇ, ਪਰ ਨਾਮ ਜੈਸੀ ਦਾਰੂ ਹੋਰ ਕੋਈ ਨਹੀਂ ਹੈ। ਨਾਮ ਦੀਆਂ ਹੀ ਮੈ ਸਾਖਾਂ ਦੇਂਦਾ ਹਾਂ। ਬੇਦ ਤੇ ਸਾਸਤ੍ਰ ਭੀ॥ ਏਸ ਜੀ ਨੂੰ ਕੈਸਾ ਈ ਦੁਖ ਹੋਵੇ, ਸੋ ਨਾਮ ਸਰਬ ਦੁਖਾਂ ਨੂੰ ਦੂਰ ਕਰ ਦੇਂਦਾ ਹੈ ਪ੍ਰਤੀਤ ਕਰਨੀ ਇਸ ਬਾਤ ਦੀ, ਪ੍ਰਮੇਸ਼ਰ ਦਾ ਧਿਆਨ ਕਰਨਾ, ਪ੍ਰਮੇਸ਼ਰ ਅਗ਼ੇ ਬੇਨਤੀ ਕਰਨੀ ਇਹ ਹੀ ਵਡੀ ਔਖਧ ਹੈ। ਮੇਰੇ ਬਚਨਾਂ ਤੇ ਪ੍ਰਤੀਤ ਕਰਨੀ॥ ਹੋਰ ਪ੍ਰਤਾਪ ਸਿੰਘ ਨੂੰ ਆਖਣਾ ਜੋ ਪਾਠ ਤੇ ਕਰੇ, ਪਰ ਇਉਂਨਾ ਕਿਸੇ ਪਾਸ ਆਖੇ ਕਿ ਮੈਂ ਐਸ ਕਾਰਜ ਵਾਸਤੇ ਕਰਨ ਲਗਾ ਹਾਂ, ਗੁਪਤ ਪਾਠ ਕਰਨਾ। ਅਰ ਮੂਲ ਸਿੰਘ ਜੀ, ਤੁਸੀਂ ਜੋ ਪੁਛਦੇ ਹੋ ਸਾਥੋਂ ਪਾਠ ਦੀ ਜੁਗਤ, ਸੋ ਜੁਗਤ ਨੂੰ ਤਾਂ ਗੁਰੂ ਜੀ ਜਾਨਦੇ ਹੈਨ ਜੋ ਪਾਠ ਦਾ ਕਰਤਾ ਹੈ, ਪਰ ਜੋ ਮੇਰੇ ਤੇ ਗੁਰੂ ਜੀ ਕਹਿਆ ਹੈ ਸੋ ਮੈਂ ਲਿਖ ਦੀਆ ਹੈ, ਅਗੇ ਗੁਰੂ ਜਾਣੇ। ਜੇ ਅਸ਼ਨਾਨ ਕਰ ਕੇ ਸਵੇਰੇ ਤੇ, ਅਕੰਤ ਬੈਠ ਕੇ ਭਜਨ ਬਾਣੀ ਕਰਨਾ, ਅਰ ਚੀਤੇ ਜਾਂਦੇ ਪਾਣੀ ਲੈ ਜਾਣਾ, ਅਰ ਗੁਰੂ ਜੀ ਦੇ ਅਗੇ ਹਰ ਵਕਤ ਬੇਨਤੀ ਕਰਨੀ ਕਦੇ ਮਨ ਵਿਚ ਕਦੇ ਬੋਲ ਕੇ ਕਰਨੀ॥ ਲੋਕਾਂ ਨੂੰ ਨਹੀਂ ਸੁਣਾਉਣੀ, ਹੋਰ ਜਿਤਨਾ ਭਜਨ ਕਰੇਂਗਾ ਤਾਂ ਉਤਨੀਆਂ ਈ ਜੁਗਤਾਂ ਤੈਨੂੰ ਤੇਰੇ ਅੰਦਰੋਂ ਦੀ ਦਸੂਗਾ॥ ਤੂੰ ਭਜਨ ਬਾਣੀ ਕਰ ਤਕੜਾ ਹੋ ਕੇ॥ ਭਜਨ ਬਾਣੀ ਦੇ ਈ ਵਿਚ ਹੈਨ ਅਨੇਕ ਜੁਗਤਾਂ। ਸਤਿ ਕਰ ਕੇ ਮੰਨਣਾ। ਏਹ ਅਰਦਾਸ ਦੇਣੀ ਜੁਆਲਾ ਦੇਈ ਨੂੰ, ਭਾਵੇਂ ਕਲਕਤੇ ਹੋਵੇ ਭਾਵੇਂ ਅੰਮ੍ਰਿਤਸਰ॥ ੧੯ ॥

Digitized by Panjab Digital Library/ www.panjabdigilib.org