ਇਹ ਸਫ਼ਾ ਪ੍ਰਮਾਣਿਤ ਹੈ
੨੨
ਕੂਕਿਆਂ ਦੀ ਵਿੱਥਿਆ
ਭਾਈ ਰਾਮ ਸਿੰਘ ਦਾ ਭਾਈ ਬਾਲਕ ਸਿੰਘ ਨਾਲ ਮੇਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਦੋ ਕੁ ਸਾਲ ਬਾਦ ਸੰਮਤ ੧੮੯੮ ਬਿਕ੍ਰਮੀ, ਸੰਨ ੧੮੪੧ ਈਸਵੀ, ਵਿਚ ਹਜ਼ਰੇ ਹੋਇਆ ਸੀ ਜਿਸ ਦਾ ਜ਼ਿਕਰ ਕਿ ਅੱਗੇ ਚਲ ਕੇ ਵਿਸਥਾਰ ਨਾਲ ਕੀਤਾ ਜਾਏਗਾ। ਇਹ ਇਕ ਇਤਿਹਾਸਕ ਮੇਲ ਸੀ ਜਿਸ ਨੇ ਕਿ ਸਾਈਂ, ਸਾਹਿਬ ਜਵਾਹਰ ਮੱਲ ਦੀ ਛੋਹ ਨਾਲ ਉਗਮੇ ਤੇ ਭਾਈ, ਬਾਲਕ ਸਿੰਘ ਦੇ ਯਤਨਾਂ ਨਾਲ ਪ੍ਰਫੁੱਲਤ ਤੇ ਸੰਗਠਿਤ ਹੋਏ ਜਗਿਆਸੀ ਅਭਿਆਸੀ ਮੰਡਲ ਦੀ ਇਕ ਸ਼ਾਖ ਦੇ ਭੇਣੀ ਵਿਚ ਉਗਮਨ ਦੇ ਸਾਧਨ ਪੈਦਾ ਕਰ ਦਿੱਤੇ। ਇਹ ਭਾਈ ਰਾਮ ਸਿੰਘ ਅਤੇ ਉਨਾਂ ਦੇ ਉਤ੍ਰਾਧਿਕਾਰੀ ਭਾਈ ਹਰੀ ਸਿੰਘ ਦੀ ਮੇਹਨਤ ਦਾ ਸਿੱਟਾ ਹੈ ਕਿ ਭੈਣੀ ਦੀ ਸ਼ਾਖ ਇਕ ਬੜੇ ਫੈਲਾਓ ਵਾਲੇ ਬ੍ਰਿਛ ਦਾ ਰੂਪ ਧਾਰ ਗਈ ਹੈ, ਜਿਸ ਦੇ ਟਾਕਰੇ ਤੇ ਪਹਿਲੀ ਹਜ਼ਰੋ ਵਾਲੀ ਜੜ੍ਹ ਅਤੇ ਦੂਸਰੀਆਂ ਅੰਮ੍ਰਿਤਸਰ ਤੇ ਕੋਮਲਪੁਰ ਵਾਲੀਆਂ ਸ਼ਾਖਾਂ ਕੁਝ ਕੁ ਮਾਤ ਪੈ ਗਈਆਂ ਹਨ। ਇਸ ਵੇਲੇ ਭੈਣੀ ਦੀ ਸ਼ਾਖ ਨਾਮਧਾਰੀ ਵਾ ਕੂਕਾ ਨਾਮ ਨਾਲ ਪ੍ਰਸਿੱਧ ਹੈ ਜਿਸ ਦੀ ਕਿ ਵਿੱਥਿਆ ਇਸ ਪੁਸਤਕ ਦਾ ਮੁਖ ਵਿਸ਼ਾ ਹੈ।