ਨਾਮ ਠਾਮ ਲਿਖੇ ਤੇ ਕਾਗਤ ਬਧਿ ਜਾਂਦਾ ਹੈ, ਖਾਲਸਾ ਅਨੰਤ ਹੈ॥ ਹੋਰ ਭਾਈ ਗੋਪਾਲ ਸਿੰਘ ਜੀ ਨੂੰ ਤੇ ਜੁਆਲਾ ਸਿੰਘ ਨੂੰ ਮੁਨਸ਼ਾ ਸਿੰਘ ਨੂੰ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪ੍ਰਵਾਨ ਕਰਨੀ॥ ਹੋਰ ਜੀ ਤੁਸੀ ਕੋਈ ਆਪਣੇ ਹਥ ਦੀ ਅਰਦਾਸ ਆਪਣੇ ਵਹੀਰ ਦਾ ਹਵਾਲ ਸਾਨੂੰ ਜਰੂਰ ਲਿਖ ਕੇ ਭੇਜਨਾਂ॥ ਮਰਜੀ ਪ੍ਰਮੇਸ਼੍ਵਰ ਦੀ, ਹਜਾਰਾਂ ਕੋਹਾਂ ਦਾ ਪਾੜਾ ਪੈ ਗਿਆ ਜੀਉਂਦਿਆਂ ਦਾ, ਹੁਣ ਤੇ ਚਿਠੀ ਦਾ ਈ ਮੇਲਾ ਰਹਿ ਗਿਆ ਹੈ। ਦੇਹਾਂ ਦਾ ਗੁਰੂ ਮਿਲਾਊਗਾ ਤਾਂ ਮੇਲੇਂਗੇ, ਨਹੀਂ ਤਾਂ ਸਤਿ ਸ੍ਰੀ ਅਕਾਲ॥੩੨॥
ਲਿਖਤੋ ਦਿਆਲ ਸਿੰਘ ਤੇ ਕਿਰਪਾਲ ਸਿੰਘ ਜੋਗ ਉਪਮਾ ਭਾਈ ਮਸਤਾਨ ਸਿੰਘ ਜੀ ਤੇ ਕਾਨ ਸਿੰਘ, ਜੋਧ ਸਿੰਘ, ਰਾਮ ਸਿੰਘ, ਸ਼ੇਰ ਸਿੰਘ, ਨਰੈਣ ਸਿੰਘ, ਦੂਆ ਨਰੈਣ ਸਿੰਘ, ਹੋਰ ਝਾੜ ਮੜੀ ਉਤਮ ਸਿੰਘ, ਅਰ ਸਢੌਰਾ ਈਸ਼ਰ ਸਿੰਘ, ਮਾਨ ਸਿੰਘ ਹੋਰ ਸਰਬਤ ਸੰਗਿਤ ਸਢੌਰੇ ਕੀ ਨੋ ਹੋਰ ਸੰਬੂਹਿ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਹਥ ਜੋੜ ਕੇ ਪ੍ਰਮਾਨ ਕਰਨੀ। ਮਾਈ ਬੀਬੀਆਂ ਨੂੰ ਰਾਮ ਸਤਿ ਬਾਚਣੀ॥ ਹੋਰ ਭਾਈ ਖਾਲਸਾ ਜੀ ਸ੍ਰਬਤ ਨੇ ਭਜਣ ਬਾਣੀ ਕਰਨਾ ਤਗੜੇ ਹੋ ਕੇ, ਦੇਖਣਾ ਢਿਲੇ ਨਾ ਪੈ ਜਾਣਾ। ਸਾਨੂੰ ਭੀ ਜੇ ਗੁਰੂ ਸੰਗਤ ਦਾ ਦਰਸ਼ਨ ਕਰਾਊ ਤਾਂ ਹੋਇ ਜਾਊ, ਨਹੀਂ ਤਾਂ ਦੇਹਾਂ ਦਾ ਮੇਲਾ ਤਾਂ ਅਨਿਤ ਹੀ ਹੈ, ਏਥੇ ਕੌਣ ਸੀ ਦੇਹ ਨੇ ਇਸਥਿਤ ਰਹਿਣਾ ਥੀ॥ ਇਸਥਿਤ ਤਾਂ ਸਦਾ ਨਾਮ ਹੀ ਹੈ॥ ਹੋਰ ਬਹੁਤਾ ਕੀ ਲਿਖੀਯੇ॥ ਦੂਈਆਂ ਅਰਦਾਸਾਂ ਦੇਖ ਲੈਨੀਆਂ, ਏ ਸਾਰੀ ਸੰਗਤ ਦੇ ਵਾਸਤੇ ਹੈਨ, ਜੋ ਇਨਾਂ ਮੈਂ ਲਿਖਾ ਸੋ ਸਭ ਕੋ ਕਰਨਾ ਚਾਹੀਏ॥