ਭਾਈ ਰਾਮ ਸਿੰਘ ਦੇ ਜੀਵਨ-ਕੰਮ ਦਾ ਜਾਇਜ਼ਾ
ਹੁਣ ਇਸ ਤੋਂ ਪਹਿਲਾਂ ਕਿ ਅਸੀਂ ਕੂਕਿਆਂ ਦੀ ਵਿਥਿਆ ਨੂੰ ਅੱਗੇ ਤੋਰੀਏ ਇਹ ਜ਼ਰੂਰੀ ਮਹਿਸੂਸ ਹੁੰਦਾ ਹੈ ਕਿ ਭਾਈ ਰਾਮ ਸਿੰਘ ਦੇ ਗੁਣ, ਸੁਭਾ ਤੇ ਜੀਵਨ-ਕੰਮ ਦਾ ਜਾਇਜ਼ਾ ਲੈ ਲਿਆ ਜਾਏ।
ਭਾਈ ਰਾਮ ਸਿੰਘ ਕੱਦ ਦੇ ੫ ਫੁਟ ੧੦ ਇੰਚ ਲੰਬੇ, ਜੁੱਸੇ ਵਿਚ ਪਤਲੇ ਤੇ ਰੰਗ ਦੇ ਗੋਰੇ ਸਨ, ਚਿਹਰਾ ਤੇ ਨੱਕ ਲੰਬੂਤਰੇ ਸਨ ਤੇ ਉਨ੍ਹਾਂ ਉਤੇ ਮਾਤਾ ਦੇ ਦਾਗ ਸਨ, ਜਿਨ੍ਹਾਂ ਵਿਚੋਂ ਕੁੱਝ ਕੁ ਜ਼ਰਾ ਡੂੰਘੇ ਪ੍ਰਤੀਤ ਹੁੰਦੇ ਸਨ। ਅਖੀਆਂ ਭੂਰੀਆਂ ਸਨ। ਸੰਨ ੧੮੬੬-੬੭ ਵਿਚ ਆਪ ਦਾ ਦਾੜ੍ਹਾ ਤੇ ਮੁਛਹਿਰੇ ਕਰੜ-ਬਰ੍ਹੜੇ ਸਨ, ਜੋ ਸੰਨ ੧੮੭੨ ਵਿਚ ਦੇਸ਼-ਨਿਕਾਲੇ ਵੇਲੇ ਹੋਰ ਜ਼ਿਆਦਾ ਚਾਂਦੀ-ਭਰੇ ਹੋ ਗਏ ਸਨ। ਇਸ ਵੇਲੇ ਆਪ ਦੀ ਆਯੂ ਛਪਿੰਜਾ ਸਾਲ ਦੀ ਸੀ। ਆਪ ਗੁਰਮੁਖੀ ਚੰਗੀ ਲਿਖ ਪੜ੍ਹ ਸਕਦੇ ਸਨ। ਚੜ੍ਹਦੀ ਉਮਰੇ ਆਪ ਨੇ ਭਾਵੇਂ ਕੰਵਰ ਨੌ-ਨਿਹਾਲ ਸਿੰਘ ਦੇ ਡੇਰੇ ਵਿਚ ਘੋੜ-ਚੜ੍ਹੇ ਸਿਪਾਹੀ ਨਾਮੇਂ ਫੌਜੀ ਨੌਕਰੀ ਭੀ ਕੀਤੀ ਸੀ, ਪਰ ਆਪਣੇ ਪਿਤਾ-ਪੁਰਖੀ ਤਰਖਾਣੇ ਲੁਹਾਰੇ ਤੇ ਰਾਜਗੀ ਦੇ ਕਿੱਤੇ ਦੇ ਚੰਗੇ ਕਾਰੀਗਰ ਸਨ। ਆਪ ਦਾ ਜਨਮ ਇਕ ਗਰੀਬ ਤਰਖਾਣ-ਲੁਹਾਰ ਘਰਾਣੇ ਵਿਚ ਹੋਇਆ ਸੀ, ਇਸ ਲਈ ਅਰੰਭ ਵਿਚ ਆਪ ਆਪਣੇ ਪਿਤਾ ਦੇ ਕੰਮ ਕਾਰ ਵਿਚ ਸਹਾਇਤਾ ਕਰਿਆ ਕਰਦੇ ਸਨ ਅਤੇ ਫੇਰ ਨੌਕਰੀ ਛੱਡ ਆਉਣ ਵੇਲੇ ਆਪ ਨੇ ਇਸ ਦੇ ਨਾਲ ਹੀ ਆਪਣੇ ਪਿੰਡ ਵਿਚ ਪਰਚੂਨ ਅਤੇ ਲੋਹੇ ਕਪੜੇ ਦੀ ਹੱਟੀ ਭੀ ਪਾ ਲਈ ਸੀ, ਜਿਸ ਵਿਚੋਂ ਪ੍ਰਾਪਤ ਹੋਇਆ ਬਹੁਤ ਸਾਰਾ ਨਫ਼ਾ
Digitized by Panjab Digital Library/ www.panjabdigilib.org