ਪੰਨਾ:ਕੂਕਿਆਂ ਦੀ ਵਿਥਿਆ.pdf/348

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪੪

ਕੂਕਿਆਂ ਦੀ ਵਿਥਿਆ

ਤੇ ਫੀਰੋਜ਼ਪੂਰ ਵਿਚ ਭੀ ਫੈਲ ਗਿਆ। ਅੰਮ੍ਰਿਤਧਾਰੀ ਸਿੰਘਾਂ ਦੇ ਨਾਲੋ ਨਾਲ ਹਿੰਦੂਆਂ ਵਿਚ ਭੀ ਸਿਖੀ ਲਈ ਸਰਧਾ ਤੇ ਪ੍ਰੇਮ ਵਧਣਾ ਸ਼ੁਰੂ ਹੋ ਗਿਆ ਤੇ ਬੇਸ਼ੁਮਾਰ ਹਿੰਦੂ ਗੁਰਮੁਖੀ ਸਿੱਖਣ, ਗੁਰਬਾਣੀ ਪੜ੍ਹਣ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਲੱਗ ਪਏ। ਇਸ ਤਰਾਂ ਇਹ ਸਹਿਜੇ ਸਹਿਜੇ ਸਿਖੀ ਵਲ ਖਿਚ ਆਉਣ ਲਗ ਪਏ ਤੇ ਕਈਆਂ ਨੇ, ਜੋ ਵਡੇਰੀ ਉਮਰ ਯਾ ਬ੍ਰਾਹਮਣੀ ਅਸਰ ਦੇ ਬਹੁਤ ਜ਼ਿਆਦਾ ਹੋਣ ਕਰਕੇ ਆਪ ਪੂਰਣ ਕੇਸਾਧਾਰੀ ਤੇ ਰਹਿਤਵਾਨ ਨਾ ਹੋ ਸਕੇ, ਆਪਣੇ ਅਗਲੇ ਪੋਚ ਨੂੰ ਸਿੰਘ ਸਜਾਉਣਾ ਸ਼ੁਰੂ ਕਰ ਦਿਤਾ। ਇਸ ਤਰਾਂ ਜਿੱਥੇ ਸਿੰਘਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਓਥੇ ਸਹਿਜਧਾਰੀ ਸਿੱਖਾਂ ਦੀ ਗਿਣਤੀ ਕੀ ਚੋਖੀ ਹੋ ਗਈ। ੨੧ ਸਤੰਬਰ ੧੮੭੧ ਨੂੰ ਗਿਆਨੀ ਰਤਨ ਸਿੰਘ ਨੇ, ਜੋ ਰਾਏ ਕੋਟ ਦੇ ਕਤਲ ਦੇ ਮੁਕੱਦਮੇ ਵਿਚ ਫਾਂਸੀ ਲੱਗ ਗਿਆ ਸੀ, ਮਿਸਟਰ ਐਲ. ਕਾਵਨ ਮੈਜਿਸਟਰੇਟ ਦੀ ਅਦਾਲਤ ਵਿਚ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਕੂਕਿਆਂ ਦੀ ਗਿਣਤੀ ਦਸ ਲੱਖ ਹੈ ਜਿਨ੍ਹਾਂ ਵਿਚ ਤੀਸਰਾ ਹਿੱਸਾ ਕੇਸਾਧਾਰੀ ਤੇ ਕੜਾ ਕਛ ਕ੍ਰਿਪਾਨ ਦੇ ਧਾਰਨੀ ਹਨ ਤੇ ਬਾਕੀ ਸਾਰੇ ਸਾਧਾਰਨ ਹਾਲਤ ਵਿਚ ਹਨ। ਗਿਆਨੀ ਰਤਨ ਸਿੰਘ ਦੀ ਦੱਸੀ ਗਿਣਤੀ ਤਾਂ ਹੋ ਸਕਦਾ ਹੈ ਬਹੁਤ ਵਧਾਈ ਹੋਈ ਹੋਵੇ, ਪਰ ਇਸ ਗੱਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਉਸ ਦੇ ਖਿਆਲ ਵਿਚ ਭੀ ਜਿਤਨੀ ਗਿਣਤੀ ਅੰਮ੍ਰਿਤਧਾਰੀ ਕੂਕਿਆਂ ਦੀ ਸੀ ਉਸ ਨਾਲੋਂ ਤਿੰਨ ਗੁਣਾ ਹੋਰ ਗਿਣਤੀ ਸ਼ਹਿਜਧਾਰੀਆਂ ਦੀ ਸੀ। ਬਾਬਾ ਸਾਹਿਬ ਸਿੰਘ ਬੇਦੀ ਅਤੇ ਭਾਈ ਮਹਾਰਾਜ ਸਿੰਘ ਤੋਂ ਬਾਦ, ਹਿੰਦੂਆਂ ਵਿਚ ਭੀ ਇਸ ਤਰਾਂ ਸਿਖੀ ਲਈ ਪ੍ਰੇਮ ਦੀ ਲਹਿਰ ਚਲਾ ਦੇਣ ਦਾ ਸਿਹਰਾ ਬਾਬਾ ਰਾਮ ਸਿੰਘ ਦੇ ਸਿਰ ਹੈ।

ਕੂਕੇ ਕੇਵਲ ਆਮ ਜਨਤਾ ਵਿਚ ਹੀ ਨਹੀਂ ਸਨ, ਬਲਕਿ ਸਰਕਾਰੀ ਨੌਕਰੀਆਂ ਵਿਚ ਭੀ, ਅਤੇ ਖਾਸ ਕਰਕੇ ਪੁਲੀਸ ਤੇ ਫੌਜ ਵਿਚ, ਪਰ ਫੌਜ ਆਦਿ ਵਿਚ ਉਨ੍ਹਾਂ ਦੀ ਗਿਣਤੀ ਦਾ ਪਤਾ ਲਗ ਸਕਣਾ

Digitized by Panjab Digital Library/ www.panjabdigilib.org