ਵਾਰੀ ਕੁਝ ਲੋਕ ਜੋ ਜ਼ਿੰਦਗੀ ਤੋਂ ਉਪ੍ਰਾਮ ਹੋ ਕੇ ਯਾ ਉਂਞ ਹੀ ਭੈਣੀ ਆ ਟਿਕਦੇ ਸਨ, ਉਨ੍ਹਾਂ ਨੂੰ ਆਪ ਕੰਮ ਕਾਰ ਲਈ ਮਲੂਕ ਸਿੰਘ ਠੇਕੇਦਾਰ ਨਾਲ ਨਹਿਰ ਦੇ ਕੰਮ ਤੇ ਭੇਜ ਦਿਆ ਕਰਦੇ ਸਨ। ਇਸੇ ਤਰਾਂ ਕੁਝ ਆਦਮੀਆਂ ਨੂੰ ਆਪ ਆਪਣੇ ਡੰਗਰਖਾਨੇ ਤੇ ਤਬੇਲੇ ਦੀ ਦੇਖ ਭਾਲ ਲਈ ਲਾ ਦਿਆ ਕਰਦੇ ਸਨ। ਆਪ ਨੇ ਗਊਆਂ, ਮਝਾਂ, ਬਲਦਾਂ ਤੇ ਘੋੜੇ ਘੋੜੀਆਂ ਦੀ ਕਾਫੀ ਗਿਣਤੀ ਰੱਖੀ ਹੋਈ ਸੀ ਜਿਨ੍ਹਾਂ ਵਿਚ ਕਿ ਬਹੁਤ ਸਾਰੇ ਡੰਗਰ ਵਪਾਰ ਲਈ ਪਾਲੇ ਜਾਂਦੇ ਸਨ ਤੇ ਮੰਡੀਆਂ ਤੇ ਲਿਜਾ ਕੇ ਵੇਚੇ ਜਾਂਦੇ ਸਨ।
ਇਸ ਤਰਾਂ ਜਿਉਂ ਜਿਉਂ ਆਪ ਦਾ ਸਿਲਸਿਲਾ ਵਧਦਾ ਗਿਆ, ਆਪ ਦਾ ਠਾਠ ਭੀ ਸ਼ਾਹਾਨਾ ਹੁੰਦਾ ਗਿਆ। ਬਾਹਰ ਦੌਰੇ ਤੇ ਜਾਣ ਵੇਲੇ ਕੁਝ ਘੋੜ-ਸਵਾਰ ਸੂ ਤੇ ਪ੍ਰਸਿਧ ਕੂਕੇ ਆਪ ਦੇ ਨਾਲ ਅਰਦਲ ਵਿਚ ਹੋਣ ਲਗ ਪਏ ਤੇ ਕੂਕਿਆਂ ਦੀ ਕਾਫ਼ੀ ਗਿਣਤੀ ਮਗਰ ਪੈਦਲ ਹੁੰਦੀ। ਜਦ ਕਿਸੇ ਸਰਕਾਰੀ ਅਫਸਰ ਨੂੰ ਮਿਲਨ ਜਾਂਦੇ ਤਾਂ ਰਾਜਿਆਂ ਵਾਂਙੂ ਕੁਝ ਮੁਸ਼ੀਰ ਤੇ ਦਰਬਾਰੀ ਆਪ ਦੇ ਨਾਲ ਹੁੰਦੇ ਅਤੇ ਖੁਦ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਸੰਗੀਆਂ ਨੇ ਬੜੀ ਸੋਹਣੀ ਸਫ਼ੈਦ ਪੋਸ਼ਾਕ ਸਜਾਈ ਹੁੰਦੀ।
ਆਪ ਦੀ ਵਧ ਰਹੀ ਪ੍ਰਭਤਾ ਤੇ ਕੂਕਿਆਂ ਦੀ ਸ਼ਰਧਾ ਨੇ ਆਪ ਦੇ ਆਲੇ ਦੁਆਲੇ ਇਕ ਇਹੋ ਜਿਹਾ ਵਾਯੂ-ਮੰਡਲ ਪੈਦਾ ਕਰ ਦਿਤਾ ਜਿਹਾ ਕਿ ਕਿਸੇ ਸਮੇਂ ਬਾਬਾ ਸਾਹਿਬ ਸਿੰਘ ਬੇਦੀ ਤੇ ਭਾਈ ਮਹਾਰਾਜ ਸਿੰਘ ਦੇ ਇਰਦ ਗਿਰਦ ਹੋਇਆ ਕਰਦਾ ਸੀ, ਅਤੇ ਕਈਆਂ ਕੂਕਿਆਂ ਨੇ ਆਪਣੀ ਸ਼ਰਧਾ-ਭਗਤੀ ਵਿਚ ਆਪ ਨੂੰ ਭੀ ਉਸੇ ਤਰ੍ਹਾਂ ਗੁਰੂ ਕਹਿਣਾ ਸ਼ੁਰੂ ਕਰ ਦਿਤਾ ਜਿਵੇਂ ਕਿ ਲੋਕੀਂ ਬਾਬਾ ਸਾਹਿਬ ਸਿੰਘ ਯਾ ਹੋਰ ਸੋਢੀਆਂ, ਬੇਦੀਆਂ, ਯਾ ਨਿਰਮਲੇ ਤੇ ਉਦਾਸੀ ਸੰਤਾਂ ਨੂੰ ਕਿਹਾ ਕਰਦੇ ਸਨ ਅਤੇ ਜਿਵੇਂ ਹੁਣ ਭੀ ਕਈ ਉਦਾਸੀ ਤੇ ਨਿਰਮਲੇ ਸਾਧ ਆਪਣੇ ਵਿਦਿਆ ਯਾ ਪਾਹੁਲ-ਦਾਤਾ ਵਡਿਕੇ ਨੂੰ ਗੁਰੂ ਆਖਦੇ ਹਨ।