ਪੰਨਾ:ਕੂਕਿਆਂ ਦੀ ਵਿਥਿਆ.pdf/353

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੇ ਜੀਵਨ-ਕੰਮ ਦਾ ਜਾਇਜ਼ਾ

੩੪੯

ਇਸ ਲਈ ਆਪ ਨੇ ਆਪਣੇ ਸਰਧਾਲੂਆਂ ਨੂੰ ਕਿਹਾ ਕਿ ਓਹ ਭੈਣੀ ਨੂੰ ‘ਰਾਮਦਾਸ ਪੁਰਾ’ ਕਿਹਾ ਕਰਨ। ਇਹ ਪਤਾ ਨਹੀਂ ਕਿ ਇਸ ਨਾਮ ਤੋ ਆਪ ਦੀ ਇੱਛਾ ਸ਼ਹਿਰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਦੇ ਨਾਮ ਉਤੇ ਪੁਰਾਣੇ ਨਾਮ ‘ਰਾਮਦਾਸ ਪੁਰਾ’ ਦੀ ਨਕਲ ਸੀ ਯਾ ਆਪਣੇ ਨਾਮ ਉਤੇ ਰਖਿਆ ਰਾਮ ਸਿੰਘ ਦੇ ਦਾਸਾਂ, ਰਾਮਦਾਸਾਂ ਦਾ ਪੁਰ ਰਾਮਦਾਸ ਪੁਰਾ ਸੀ। ਇਸ ਸੰਬੰਧੀ ਆਪ ਰੰਗੂਨ ਤੋਂ ਚੇਤ ਵਦੀ ੨ ਸਾਲ ੧੯੩੭ ਬਿਕ੍ਰਮੀ ਦੀ ਅਰਦਾਸ ਵਿਚ ਲਿਖਦੇ ਹਨ:-

... ... ਅਰ ਹੁਣ ਜੋ ਨਾਮਧਾਰੀ ਹਨ ਏਸ ਪਿੰਡ ਦਾ ਨਾਂਉਂ ਰਾਮਦਾਸ ਪੁਰਾ ਸਦਿਆ ਕਰੋ, ਹੋਰ ਲੋਕਾਂ ਨੂੰ ਨਹੀਂ ਆਖਣਾ, ਸੰਗਤ ਆਖੇ ਰਾਮਦਾਸ ਪੁਰ॥ ... ...॥ ੧੦ ॥

ਆਪਣੇ ਪਿੰਡ ਭੈਣੀ ਵਿਚ ਆਪ ਨੇ ਇਕ ਤਲਾ ਲਵਾਇਆ ਸੀ ਜਿਸ ਦਾ ਨਾਮ ਰਾਮਸਰ ਰਖਿਆ ਅਤੇ ਇਕ ਬੁੰਗਾ ਬਣਵਾ ਕੇ ਉਸ ਦੇ ਨਾਲ ਇਕ ਖੂਹ ਲਵਾਇਆ, ਬੁੰਗੇ ਦਾ ਨਾਮ ਅਕਾਲ ਬੁੰਗਾ ਰਖਿਆ, ਇਸੇ ਤਰ੍ਹਾਂ ਧਰਮਸਾਲਾ ਨੂੰ ਹਰ ਮੰਦਰ ਆਖਦੇ ਸਨ।

ਇਸ ਤੋਂ ਬਿਨਾ ਆਪ ਦੀ ਇਹ ਭੀ ਇੱਛਾ ਹੁੰਦੀ ਸੀ ਕਿ ਲੋਕ ਆਪਣੇ ਝਗੜਿਆਂ ਦਾ ਫੈਸਲਾ ਆਪ ਕਰ ਲੈਣ ਅਤੇ ਸਰਕਾਰੀ ਅਦਾਲਤਾਂ ਦੀਆਂ ਗੁੰਝਲਦਾਰ ਕਾਰਵਾਈਆਂ ਵਿਚ ਫਸ ਕੇ ਖੱਜਲ ਖੁਆਰ ਨਾ ਹੋਣ, ਨਾ ਹੀ ਆਪਣਾ ਰੁਪਇਆ ਗਵਾਉਣ ਅਤੇ ਨਾ ਹੀ ਵੈਰ ਦੀਆਂ ਕੜੀਆਂ ਅੱਗੇ ਤੋਂ ਅੱਗੇ ਵਧਾਈ ਤੇ ਕਰੜੀਆਂ ਕਰੀ ਜਾਣ।

ਆਪਣੇ ਖਾਸ ਚਿੱਠੀ-ਪੱਤ੍ਰ ਤੇ ਸੁਨੇਹੇ ਪਾਤੀਆਂ ਲਈ ਆਪ ਅਤੇ ਆਪ ਦੇ ਸੰਗੀ ਸਰਕਾਰੀ ਡਾਕਖਾਨੇ ਨੂੰ ਘਟ ਹੀ ਵਰਤਦੇ ਸਨ। ਆਪਣੀਆਂ ਚਿੱਠੀਆਂ ਪਿੰਡੋ ਪਿੰਡ ਅੱਗੇ ਤੋਂ ਅੱਗੇ ਭੇਜਦੇ ਜਾਂਦੇ ਸਨ, ਜਿਵੇ ਕਿ ਪਿਛੇ ਦੱਸਿਆਂ ਜਾ ਚੁਕਿਆ ਹੈ।

ਜਿਵੇਂ ਪਿਛੇ ਲਿਖਿਆ ਜਾ ਚੁਕਿਆ ਹੈ ਕੂਕਿਆਂ ਨੇ ਆਰੰਭ ਵਿਚ ਕਿਧਰੇ ਕਿਧਰੇ ਆਪ ਨੂੰ ਗੁਰੂ ਤੇ ਅਵਤਾਰ ਕਹਿਣਾ ਸ਼ੁਰੂ ਕਰ

Digitized by Panjab Digital Library/ www.panjabdigilib.org