ਪੰਨਾ:ਕੂਕਿਆਂ ਦੀ ਵਿਥਿਆ.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
३२
ਕੂਕਿਆਂ ਦੀ ਵਿੱਥਿਆ

ਹੈਸੀਅਤ ਵਿਚ ਵੀ ਕੰਮ ਕੀਤਾ। ਕਹਿੰਦੇ ਹਨ ਕਿ ਪੰਜਾਬ ਵਿਚ ਅੰਗ੍ਰੇਜ਼ੀ ਰਾਜ ਆ ਜਾਣ ਪਿੱਛੋਂ ਜਿਸ ਵੇਲੇ ਫ਼ੀਰੋਜ਼ਪੁਰ ਦੇ ਕਿਲੇ ਦਾ ਕੰਮ ਸ਼ੁਰੂ ਹੋਇਆ ਤਾਂ ਇਸ ਦਾ ਠੇਕਾ ਭਾਈ ਰਾਮ ਸਿੰਘ ਦੇ ਮਾਮੇ ਭਾਈ ਹਰੀ ਸਿੰਘ ਨੰਗਲ ਵਾਲੇ ਨੇ ਲਿਆ ਸੀ। ਉਸ ਨੇ ਇਨਾਂ ਨੂੰ ਓਥੇ ਸੱਦ ਲਿਆ ਤੇ ਇਨ੍ਹਾਂ ਨੇ ਇਸ ਕੰਮ ਨੂੰ ਚੰਗੀ ਤਰ੍ਹਾਂ ਨਿਭਾਇਆ। ਡਗਰੂ ਵਾਲੇ ਬੰਗਲੇ ਤੇ ਮੁਕਤਸਰ ਦੀ ਸਰਾਂ ਦਾ ਕੰਮ ਭੀ ਇਨਾਂ ਦੀ ਨਿਗਾ ਹੇਠਾਂ ਹੀ ਹੋਇਆ। ਇਸੇ ਵੇਲੇ ਹੀ ਆਪ ਨੇ ਮੁਕਤਸਰ ਦੇ ਗੁਰਦਵਾਰਿਆਂ ਦੀ ਮੁਰੰਮਤ ਕਰਾਈ। ਫੀਰੋਜ਼ਪੁਰ ਦੇ ਕਿਲੇ ਦਾ ਕੰਮ ਸੰਨ ੧੮੫੫ ਵਿਚ ਖਤਮ ਹੋਇਆ। ਇਸ ਤੋਂ ਬਾਦ ਇਸ ਪ੍ਰਕਾਰ ਦੇ ਧੰਦੇ ਕਰਨ ਦਾ ਕੋਈ ਪਤਾ ਨਹੀਂ ਚਲਦਾ। ਮਾਲੂਮ ਹੁੰਦਾ ਹੈ ਕਿ ਫੀਰੋਜ਼ਪੁਰ ਤੇ ਮੁਕਤਸਰ ਦੇ ਕੰਮ ਖਤਮ ਕਰ ਕੇ ਆਪ ਫਿਰ ਭੈਣੀ ਆ ਗਏ ਤੇ ਮੁੜ ਓਹੋ ਲੋਹੇ ਕਪੜੇ ਆਦਿ ਦੀ ਦੁਕਾਨ ਦਾ ਕੰਮ ਆ ਸ਼ੁਰੂ ਕੀਤਾ, ਜੋ ਸੰਨ ੧੮੭੨ ਤੱਕ ਚੰਗਾ ਚਲਦਾ ਪ੍ਰਤੀਤ ਹੁੰਦਾ ਹੈ।[1]

  1. *ਸੰਨ ੧੮੫੫-੫੬ ਵਿਚ ਮੁੜ ਦੁਕਾਨ ਸੰਭਾਲਣ ਯਾ ਸ਼ੁਰੂ ਕਰਨ ਕਰਕੇ ਹੀ ੧੮੬੬ ਦੀ ਸਰਕਾਰੀ ਰੀਪੋਰਟ ਵਿਚ ਲਿਖਿਆ ਹੈ ਕਿ ਪਿਛਲੇ ਦਸ ਕੁ ਸਾਲ ਤੋਂ ਰਾਮ ਸਿੰਘ ਇਕ ਪੁਕਾਰ ਦੀ ਬਾਣੀਏ ਦੀ ਹੱਟੀ ਚਲਾ ਰਿਹਾ ਹੈ ਜਿਥੇ ਕਿ ਲੋਕ ਤੇ ਹੋਰ ਸੌਦੇ ਬਿਕਦੇ ਹਨ। ਜਨਵਰੀ ੧੮੭੨ ਵਿਚ ਜਿਸ ਵੇਲੇ ਭਾਈ ਰਾਮ ਸਿੰਘ ਨੂੰ ਜਲਾਵਤਨ ਕੀਤਾ ਗਿਆ ਸੀ, ਉਸ ਵੇਲੇ ਭੀ ਦੁਕਾਨ ਚਲਦੀ ਸੀ ਤੇ ਉਸ ਦਾ ਪ੍ਰਬੰਧਕ ਵਰਿਆਮ ਸਿੰਘ ਨਾਮੀ ਇਕ ਕੂਕਾ ਸੀ।