ਪੰਨਾ:ਕੂਕਿਆਂ ਦੀ ਵਿਥਿਆ.pdf/366

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬੨

ਕੂਕਿਆਂ ਦੀ ਵਿਥਿਆ

ਬੇ-ਲੋੜੀ ਹੈ ਇਸ ਲਈ ‘ਮੈਂ ਹਿਦਾਇਤ ਕਰ ਦਿੱਤੀ ਹੈ ਕਿ ਦਾਣੇ ਤੇ ਘਰ ਦਾ ਸਾਮਾਨ ਆਦਿ [ਭਾਈ ਰਾਮ ਸਿੰਘ ਦੇ] ਪਿਤਾ, ਭਰਾ ਤੇ ਲੜਕੀ ਦੇ ਹਵਾਲੇ ਕਰ ਦਿਤੇ ਜਾਣ ਜੋ ਭੈਣੀ ਰਹਿੰਦੇ ਹਨ। ਕਪੜੇ ਗਹਿਣੇ ਤੇ ਰੁਪਇਆ ਜੋ ਘਰ ਵਿਚ ਮਿਲਿਆ ਸੀ, ਉਹ ਕਰਨਲ ਬੇਲੀ ਨੇ ਮੈਨੂੰ ਭੇਜ ਦਿਤਾ ਸੀ। ਉਨ੍ਹਾਂ ਦਾ ਮੁਲ, ਖਿਆਲ ਹੈ, ਦੋ ਹਜ਼ਾਰ ਤੋਂ ਵਧ ਨਹੀਂ ਹੈ। ਮੈਂ ਅਲਾਹਾਬਾਦ ਦੇ ਮੈਜਿਸਟਰੇਟ ਨੂੰ ਚਿਠੀ ਲਿਖੀ ਹੈ ਕਿ ਕੀ ਰਾਮ ਸਿੰਘ ਦੇ ਕਪੜੇ ਉਸ ਨੂੰ ਭੇਜ ਦੇਵਾਂ, ਅਤੇ ਉਸ ਨੂੰ ਆਖਿਆ ਹੈ ਕਿ ਉਹ ਰਾਮ ਸਿੰਘ ਨੂੰ ਪੁੱਛੇ ਕਿ ਰੁਪਏ ਤੇ ਗਹਿਣੇ ਮੈਂ ਕਿਸੇ ਦੇ ਸਪੁਰਦ ਕਰ ਦੇਵਾਂ।’ ਕਮਿਸ਼ਨਰ ਵਲੋਂ ਇਸ ਚਿੱਠੀ ਦੀ ਨਕਲ ਪੁਜਣ ਪਰ ਸਰਕਾਰ ਪੰਜਾਬ ਦੇ ਸਕੱਤ੍ਰ ਨੇ ਕਮਿਸ਼ਨਰ ਨੂੰ ੩੦ ਜਨਵਰੀ ੧੮੭੨ ਨੂੰ ਆਪਣੀ ਚਿਠੀ ਨੰ: ੪੩ ਸੀ. ਵਿਚ ਲਿਖਿਆ ਕਿ ਸਰਕਾਰ ਦੇ ਸਿਧੇ ਹੁਕਮ ਤੋਂ ਬਿਨਾਂ ਕੋਈ ਰਪਏ ਤੇ ਗਹਿਣੇ ਭਾਈ ਰਾਮ ਸਿੰਘ ਦੇ ਕਹਿਣ ਪਰ ਕਿਸੇ ਨੂੰ ਨਾ ਦਿਤੇ ਜਾਣ।

੧੯ ਫਰਵਰੀ ੧੮੭੨ ਨੂੰ ਲੁਧਿਆਣੇ ਦਾ ਨਵਾਂ ਡਿਪਟੀ ਕਮਿਸ਼ਨਰ ਮੇਜਰ ਜੇ. ਪਾਰਸਨਜ਼ ਦੌਰੇ ਤੇ ਭੈਣੀ ਗਿਆ। ਉਸ ਨੂੰ ਭਾਈ ਰਾਮ ਸਿੰਘ ਦੇ ਡੇਰੇ ਦੀ ਵਲਗਣ ਬੇਲੋੜੇ ਹੀ ਬਹੁਤ ਜ਼ਿਆਦਾ ਉਚੀ ਭਾਸੀ, ਸੋ ਉਸ ਨੇ ਹੁਕਮ ਦੇ ਦਿਤਾ ਕਿ ਉਤਰ ਦੇ ਪਾਸੇ ਦੀ ਦੀਵਾਰ ਨੀਵੀਂ ਕਰ ਕੇ ਸਿਰਫ ਇਸ ਹੱਦ ਤਕ ਉੱਚੀ ਰਹਿਣ ਦਿੱਤੀ ਜਾਏ ਕਿ ਜੋ ਘਰੋਗੀ ਮਾਲ ਦੀ ਰਾਖੀ ਲਈ ਕਾਫੀ ਹੋਵੇ।

ਭਾਈ ਹਰੀ ਸਿੰਘ ਬੜੇ ਸ਼ਾਂਤ ਸੁਭਾ ਤੇ ਸੂਧੇ ਸਾਦੇ ਹੋਏ ਦੱਸੀਦੇ ਹਨ। ਆਪ ਦੇ ਸਮੇਂ ਵਿਚ ਕੋਈ ਐਸੀ ਘਟਨਾ ਨਹੀਂ ਹੋਈ ਜਿਸ ਨਾਲ ਕਿ ਸਰਕਾਰ ਦੇ ਦਿਲ ਵਿਚ ਕੋਈ ਸ਼ਕ ਵਧਦੇ ਯਾ ਸਿਖ ਕੌਮ ਨਾਲ ਕਿਸੇ ਗੱਲੋਂ ਖਿਚੋ-ਤਾਣ ਜ਼ਿਆਦਾ ਹੁੰਦੀ। ਆਪ ਜੇਠ ਵਦੀ ੧੦ ਸੰਮਤ ੧੯੬੩, ੧੭ ਮਈ ਸੰਨ ੧੯੦੬ ਈ: ਨੂੰ ਚੜ੍ਹਾਈ ਕਰ ਗਏ ਤੇ ਹੁਣ ਆਪ ਦੀ ਜਗਾ ਬਾਬਾ ਪ੍ਰਤਾਪ ਸਿੰਘ ਕੂਕਾ ਸੰਪ੍ਰਦਾਇ ਦੇ ਆਗੂ ਹਨ।

Digitized by Panjab Digital Library/ www.panjabdigilib.org