ਪੰਨਾ:ਕੂਕਿਆਂ ਦੀ ਵਿਥਿਆ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੪੨

ਕੂਕਿਆਂ ਦੀ ਵਿੱਥਿਆ

ਪਾਸੋਂ ਅੰਮ੍ਰਿਤ ਛਕਣ ਪਰ ਉਨ੍ਹਾਂ ਨੂੰ ਗੁਰੁ ਆਖਿਆ ਕਰਦੇ ਸਨ। ਹੌਲ ਹੌਲੀ ਇਹ ਗੱਲ ਫੈਲਰਦੀ ਗਈ। ਕਈ ਆਦਮੀ ਭਾਈ ਰਾਮ ਸਿੰਘ ਨੂੰ ਭਾਈ ਮਹਾਰਾਜ ਸਿੰਘ ਤੋਂ ਬਾਦ, ਜਿਨ੍ਹਾਂ ਨੂੰ ਕਈ ਭਰਮੀ ਲੋਕ ਗੁਰੂ ਗੋਬਿੰਦ ਸਿੰਘ ਦਾ ਪਹਿਲਾ ਅਵਤਾਰ ਆਖਿਆ ਕਰਦੇ ਸਨ, ਗੁਰੂ ਗੋਬਿੰਦ ਸਿੰਘ ਦਾ ਦੂਸਰਾ ਅਵਤਾਰ ਆਖਣ ਲਗ ਪਏ।+ ਜਿਉਂ ਜਿਉਂ ਸਮਾਂ ਬੀਤਦਾ ਗਿਆ ਤੇ ਭਾਈ ਰਾਮ ਸਿੰਘ ਦੀ ਪ੍ਰਭਤਾ ਵਧਦੀ ਗਈ, ਓਨਾਂ ਵਿਚ ਭੀ ਗੁਰੁ ਕਹਾਉਣ ਦੀ ਇੱਛਾ ਪੈਦਾ ਹੋ ਕੇ ਪ੍ਰਬਲ ਹੁੰਦੀ ਗਈ ਦਿਸਦੀ ਹੈ।

ਸੰਨ ੧੮੬੩ ਤੋਂ ੧੮੭੧ ਤਕ ਭਾਈ ਰਾਮ ਸਿੰਘ ਨੇ ਆਪਣੇ ਸ਼ਰਧਾਲੂਆਂ ਨੂੰ ਆਪ ਨੂੰ 'ਗੁਰੂ' ਕਹਿਣ ਤੋਂ ਖੁਲ੍ਹ ਕੇ ਨਹੀਂ ਵਰਜਿਆ, ਅਤੇ ਜੇ ਵਰਜਿਆ ਤਾਂ ਉਸ ਲਿਖਤ ਦਾ ਹਾਲ ਤਕ ਪਤਾ ਨਹੀਂ ਲਗ ਸਕਿਆ। ਇਕ ਗੱਲ ਸਾਫ਼ ਹੈ ਕਿ ਨਾ ਤਾਂ ਆਰੰਭ ਵਿਚ ਹੀ ਭਾਈ ਰਾਮ ਸਿੰਘ ਨੂੰ ਗੁਰੂ ਕਹਾਉਣ ਦੀ ਚੇਸ਼ਟਾ ਸੀ ਅਤੇ ਨਾਂ ਹੀ ਅੰਤਲੇ ਦਿਨਾਂ ਵਿਚ ਇਹ ਚੇਸ਼ਟਾ ਦ੍ਰਿੜ੍ਹਤਾ ਨਾਲ ਡਟੀ ਰਹੀ ਦਿਸਦੀ ਹੈ। ਬਲਕਿ ਜਲਾਵਤਨੀ ਦੇ ਦਿਨਾਂ ਵਿਚ ਰੰਗੂਨ ਤੋਂ ਜੋ ਚਿੱਠੀਆਂ ਆਪ ਨੇ ਪਿੱਛੇ ਦੇਸ ਵਿਚ ਆਪਣੇ ਭਰਾ ਭਾਈ ਬੁਧ ਸਿੰਘ (ਪ੍ਰਸਿੱਧ ਭਾਈ ਹਰੀ ਸਿੰਘ) ਤੇ ਹੋਰ ਸੰਗੀਆਂ ਨੂੰ ਲਿਖੀਆਂ ਹਨ, ਉਨ੍ਹਾਂ ਵਿਚ ਇਸ ਗੱਲ ਦਾ ਬੜੇ ਕਰੜੇ ਸ਼ਬਦਾਂ ਵਿਚ ਖੰਡਨ ਕੀਤਾ ਹੈ। ਭਾਈ ਰਾਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਦੀ ਗੁਰ-ਗੱਦੀ ਦਾ ਜਾ-ਨਸ਼ੀਨ ਪ੍ਰਸਿੱਧ ਕਰਨ ਦਾ ਖਿਆਲ ਬਹੁਤ ਪਿਛੇਰਾ ਹੈ ਕਿ ਜਿਸ ਦੀ ਕਿ ਨਿਸ਼ਚਿਤ ਇਤਿਹਾਸਕ ਵਾਕਿਆਤ ਤੋਂ ਪੁਸ਼ਟੀ ਨਹੀਂ ਹੁੰਦੀ, ਬਲਕਿ ਖੁਦ ਭਾਈ ਰਾਮ ਸਿੰਘ ਦੇ ਲਿਖੇ ਪਤ੍ਰਾਂ ਤੋਂ ਨਿਖੇਧੀ ਹੁੰਦੀ ਹੈ। ਸੰਨ ੧੮੬੮


 

+ਬਿਆਨ ਭਾਈ ਲਾਲ ਸਿੰਘ, ਅੰਮ੍ਰਿਤਸਰੀ ਜਗਿਆਸੀ ਫਿਰਕੇ ਦੇ ਆਗੂ, ਰਾਮ ਸਿੰਘ ਸੰਬੰਧੀ ਮੇਜਰ ਯੰਗਹਸਬੈਂਡ ਇੰਸਪਕਟਰ ਜਨਰਲ ਪੋਲੀਸ ਦੀ ਮਰੀ ਵਿਚ ਲਿਖੀ ੨੮ ਜੂਨ ਸੰਨ ੧੮੬੩ ਦੀ ਯਾਦ-ਦਾਸ਼ਤ-ਕੂਕਾ ਕਾਗਜ਼ਾਤ, ਪੰਨਾ ੬॥