ਪੰਨਾ:ਕੂਕਿਆਂ ਦੀ ਵਿਥਿਆ.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ੪੪

ਕੂਕਿਆਂ ਦੀ ਵਿੱਥਿਆ

ਜਾਂਦੇ ਹਨ, ਜਿਸ ਤੋਂ ਕੂਕਾ ਸੰਗਯਾ ਹੋ ਗਈ ਹੈਂ [ਦੇਖੋ ਜਿਲਦ ਚੌਥੀ, ਪੰਨਾ ੩੦੯੫]। ਸਰਕਾਰੀ ਲਿਖਤਾਂ ਵਿਚ ਭੀ ‘ਕੂਕਾ’ ਸ਼ਬਦ ਹੀ ਲਿਖਿਆ ਹੋਇਆ ਹੈ।

ਡਾਕਟਰ ਨੱਥਾ ਸਿੰਘ ਗਰੇਵਾਲ ਆਪਣੀ ਉਰਦੂ ਪੁਸਤਕ ‘ਤਾਰੀਖਿ ਗਰੇਵਾਲਾਂ ਵਿਚ ਲਿਖਦੇ ਹਨ:-

ਵਾਹਿਗੁਰੂ ਨਾਮ ਜਪਣ ਕਰਕੇ ਪਹਿਲੇ ਪਹਿਲੇ ਇਨ੍ਹਾਂ ਦਾ ਨਾਮ ਨਾਮਧਾਰੀ ਹੋਇਆ ਅਤੇ ਫਿਰ ਚੂੰਕਿ ਨਾਮ ਜਪਦੇ ਜਪਦੇ ਅਤੇ ਸ਼ਬਦ ਕੀਰਤਨ ਕਰਦੇ ਹੋਏ ਮਸਤ ਹੋਏ ਬੇਨਵਾ ਫਕੀਰਾਂ ਵਾਂਙੂ ਹਾਲ ਚੜ੍ਹਾਉਣ ਲਗ ਪਏ, ਅਰਥਾਤ ਸਿਰ ਹਿਲਾਉਂਦੇ ਹਿਲਾਉਂਦੇ ਪਗ ਲਾਹ ਕੇ ਬਨਾਉਟੀ ਬੇਹੋਸ਼ੀ ਵਿਚ ਡਿਗਣਾ ਤੇ ਉੱਚੀ ਉੱਚੀ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਣਾ ਸ਼ੁਰੂ ਕੀਤਾ, ਤਾਂ ਇਨ੍ਹਾਂ ਦਾ ਨਾਮ ਕੂਕੇ ਹੋ ਗਿਆ। ਇਹ ਨਾਮ ਇਨਾਂ ਦਾ ਗੁੱਜਰਵਾਲ ਦੇ ਮੁੰਡਿਆਂ ਨੇ ਰੱਖਆ ਸੀ ਜੋ ਸਾਰੀ ਥਾਈਂ ਪ੍ਰਚਲਤ ਹੋ ਗਿਆ। ਇਕ ਵਾਰੀ ਜਦ ਇਨ੍ਹਾਂ ਦਾ ਕਈ ਹਜ਼ਾਰ ਦਾ ਜਥਾ ਮੁਕਤਸਰੋਂ ਆ ਰਿਹਾ ਸੀ ਅਤੇ ਪਿੰਡ ਗੁੱਜਰਵਾਲ ( ਜ਼ਿਲਾ ਲੁਧਿਆਨਾ) ਵਿਚ ਵੜਨ ਵੇਲੇ ਇਹ ਦੂਰੋਂ ਹੀ ਸ਼ਬਦ ਪੜ੍ਹਦੇ ਤੇ ਉੱਚੀ ਉੱਚੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਰਹੇ ਸਨ, ਤਾਂ ਮੁੰਡਿਆਂ ਨੇ ਇਕ ਦੂਸਰੇ ਨੂੰ ਕਿਹਾ 'ਚਲੋ ਇਹ ਲੋਕ ਜਿਹੜੇ ਕੂਕਾਂ ਮਾਰਦੇ ਆਉਂਦੇ ਨੇ, ਦੇਖੀਏ ਤਾਂ ਦੂਸਰੇ ਮੁੰਡਿਆਂ ਨੇ ਕਿਹਾ "ਚਲੋ ਕੂਕੇ ਦੇਖੀਏ। ਇਸ ਤਰਾਂ ਹੋਰ ਲੋਕ ਭੀ ਇਨਾਂ ਨੂੰ ਕੂਕੇ ਕਹਿਣ ਲਗ ਪਏ ਤੇ ਇਨਾਂ ਦਾ ਨਾਮ ਹੀ ਕੂਕੇ ਪੈ ਗਿਆ।

ਭਾਈ ਰਾਮ ਸਿੰਘ ਨੇ ਕਈ ਥਾਈਂ ਆਪਣੇ ਸੰਗਿਆਂ ਲਈ ਸ਼ਬਦ 'ਸੰਤ ਖਾਲਸਾ` ਵਰਤਿਆ ਹੈ ( ਇਸ ਦਾ ਜ਼ਿਕਰ ਸਰਕਾਰੀ ਕਾਗਜ਼ਾਂ ਵਿਚ ਭੀ ਆਇਆ ਹੈ) ਅਤੇ ਦੂਸਰਿਆਂ ਸਿੱਖਾਂ ਲਈ 'ਮਲੇਛ ਖਾਲਸਾ'।