ਪੰਨਾ:ਕੂਕਿਆਂ ਦੀ ਵਿਥਿਆ.pdf/58

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੫੪
ਕੂਕਿਆਂ ਦੀ ਵਿੱਥਿਆ

(੧)

ੴ ਸਤਿਗੁਰ ਪ੍ਰਸਾਦਿ।।

ਮੈਂ, ਗੁਰੂ ਗੋਬਿੰਦ ਸਿੰਘ, ਬਾਢੀਆਂ (ਤਰਖਾਣਾਂ) ਦੇ ਘਰ ਜਨਮ ਧਾਰਾਂਗਾ। ਰਾਮ ਸਿੰਘ ਮੇਰਾ ਨਾਮ ਹੋਵੇਗਾ। ਮੇਰਾ ਘਰ ਸਤਲੁਜ ਤੇ ਜਮਨਾ ਦੇ ਵਿਚਕਾਰ ਹੋਵੇਗਾ। ਮੈਂ ਧਰਮ ਦਾ ਜੈਕਾਰ ਕਰਾਂਗਾ। ਮੈਂ ਫਰੰਗੀਆਂ ਨੂੰ ਹਰਾਵਾਂਗਾ ਤੇ ਸਿਰ ਪਰ ਮੁਕਟ ਧਾਰਨ ਕਰਾਂਗਾ ਤੇ ਸੰਖ ਪੂਰਾਂਗਾ। ਸੰਮਤ ੧੮੨੧ (੧੮੬੪ ਈ.) ਵਿਚ ਭੱਟ ਮੇਰਾ ਜਸ ਗਾਉਣਗੇ। ਮੈਂ ਬਾਢੀ ਤਖਤ ਤੇ ਬੈਠਾਂਗਾ। ਜਦੋਂ ਮੇਰੇ ਨਾਲ ਸਵਾ ਲੱਖ ਖਾਲਸਾ ਹੋ ਜਾਵੇਗਾ, ਮੈਂ ਫਰੰਗੀਆਂ ਦੇ ਸਿਰ ਵੱਢਾਂਗਾ। ਮੈਂ ਜੰਗ ਵਿਚ ਕਦੇ ਭੀ ਜਿਤਿਆ ਨਹੀਂ ਜਾਵਾਂਗਾ ਤੇ ਅਕਾਲ ਅਕਾਲ ਗਜਾਵਾਂਗਾ। ਕਰਾਨੀ ਆਪਣੀਆਂ ਇਸਤ੍ਰੀਆਂ ਨੂੰ ਛੱਡ ਕੇ ਦੇਸੋਂ ਭੱਜ ਜਾਣਗੇ, ਜਦ ਓਹ ਸਵਾ ਲਖ ਖਾਲਸੇ ਦੇ ਜੈਕਾਰੇ ਸੁਣਨਗੇ। ਜਮਨਾ ਦੇ ਕੰਢੇ ਇਕ ਬੜਾ ਭਾਰੀ ਯੁਧ ਹੋਵੇਗਾ। ਰਾਵੀ ਦੇ ਪਾਣੀ ਦੀ ਤਰ੍ਹਾਂ ਲਹੂ ਵਗੇਗਾ। ਕੋਈ ਫਰੰਗੀ ਜੀਉਂਦਾ ਨਹੀਂ ਬਚੇਗਾ। ਸੰਮਤ ੧੯੨੨ (ਸੰਨ ੧੮੬੫ ਈ:) ਵਿਚ, ਰਾਜ-ਰੌਲੇ ਪੈ ਜਾਣਗੇ। ਖਾਲਸੇ ਦਾ ਰਾਜ ਹੋਵੇਗਾ। ਰਾਜਾ ਪਰਜਾ ਸੁਖ ਸ਼ਾਂਤੀ ਨਾਲ ਵਸਣਗੇ। ਕੋਈ ਕਿਸੇ ਨੂੰ ਦੁਖ ਨਹੀਂ ਦੇਵੇਗਾ।

ਦਿਨੋਂ ਦਿਨ ਰਾਮ ਸਿੰਘ ਦਾ ਰਾਜ ਵਧਗਾ। ਅਕਾਲ ਪੁਰਖ ਨੇ ਇਹ ਲਿਖਿਆ ਹੈ। ਮੇਰੇ ਭਾਈਓ, ਇਹ ਕੋਈ ਝੂਠ ਨਹੀਂ ਹੈ। ਸੰਮਤ ੧੯੨੨ ਵਿਚ ਸਾਰੇ ਦੇਸ ਅੰਦਰ ਰਾਮ ਸਿੰਘ ਦਾ ਰਾਜ ਹੋਵੇਗਾ। ਮੇਰੇ ਸਿਖ ਵਾਹਿਗੁਰੂ ਜਪਣਗੇ। ਵਾਹਿਗੁਰੂ ਦਾ ਹੁਕਮ ਹੈ ਇਹ ਭਾਣਾ ਵਰਤੇਗਾ।