ਪੰਨਾ:ਕੂਕਿਆਂ ਦੀ ਵਿਥਿਆ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੬੬

ਕੂਕਿਆਂ ਦੀ ਵਿਥਿਆ

ਹੈ ਕਿ ਦੀਵਾਲੀ ਤੋਂ ਪਹਿਲਾਂ ਹੁਕਮ ਦਿੱਤਾ ਜਾਏਗਾ। ਭਾਈ ਰਾਮ ਸਿੰਘ ਦੇ ਚਲਾਣਾ ਕਰ ਜਾਣ ਪਿੱਛੋਂ ਭਾਈ ਸਾਹਿਬ ਸਿੰਘ ਉਨ੍ਹਾਂ ਦੀ ਥਾਂ ਹੋਵੇਗਾ। ਲੁਧਿਆਣੇ ਦੇ ਕੁਝ ਰਾਮਦਾਸੀਆਂ ਨੇ, ਜਿਨ੍ਹਾਂ ਦੇ ਵਡੇਰੇ ਗੁਰੁ ਗੋਬਿੰਦ ਸਿੰਘ ਦੇ ਹਜ਼ੂਰ ਨਗਾਰਚੀ ਰਹੇ ਸਨ, ਕੂਕਿਆਂ ਪਾਸੋਂ ਇਸੇ ਸੇਵਾ ਦੀ ਇੱਛਾ ਕੀਤੀ ਹੈ। ਭਾਈ ਰਾਮ ਸਿੰਘ ਦਾ ਦਾਮਾਦ ਮਹਿਤਾਬ ਸਿੰਘ ਜਾਲੰਧਰ ਦੁਆਬੇ ਦੇ ਸੂਬੇ ਭਾਈ ਕਾਹਨ ਸਿੰਘ ਪਾਸ ਬਹੁਤ ਆਉਂਦਾ ਜਾਂਦਾ ਹੈ। ਸਰਦਾਰ ਮੰਗਲ ਸਿੰਘ ਜਾਗੀਰਦਾਰ ਰਾਏ ਪੁਰੀਏ ਨੇ ਬਲਵੇ ਵੇਲੇ ਸਹਾਇਤਾ ਦਾ ਭਰੋਸਾ ਦਿਵਾਇਆ ਹੈ। ਭਾਈ ਰਾਮ ਸਿੰਘ ਸਾਰੇ ਸਰਕਾਰੀ ਨੌਕਰ ਸਿੱਖਾਂ ਦੇ ਹਥਿਆਰ ਆਪਣੇ ਹੀ ਸਮਝਦਾ ਹੈ, ਅਤੇ ਉਸ ਦਾ ਖਿਆਲ ਹੈ ਕਿ ਜੇ ਸਾਹਿਬ ਸਿੰਘ ਕੂਕਿਆਂ ਦਾ ਆਗੂ ਬਣ ਗਿਆ ਤਾਂ ਜ਼ਰੂਰ ਬਲਵਾ ਹੋ ਜਾਇਗਾ। ਕੂਕੇ ਬੜੇ ਜੋਸ਼ ਵਿਚ ਹਨ ਤੇ ਭਾਈ ਰਾਮ ਸਿੰਘ ਦੇ ਹੁਕਮ ਨੂੰ ਪੂਰੀ ਤਰ੍ਹਾਂ ਮੰਨਣ ਨੂੰ ਤਿਆਰ ਹਨ।

ਸੰਨ ੧੮੬੩ ਦੀ ਵਿਸਾਖੀ ਤੋਂ ਬਾਦ ਸੰਨ ੧੮੬੬ ਦੀ ਦੀਵਾਲੀ ਦੇ ਮੌਕੇ ਤੇ ਪਹਿਲੀ ਵਾਰੀ ਕੁਝ ਕੂਕੇ ਅੰਮ੍ਰਿਤਸਰ ਇਕੱਠੇ ਹੋਏ। ਹੁਣ ਉਨ੍ਹਾਂ ਦਾ ਰਵੱਈਆ ਬੜਾ ਅਮਨ-ਪਸੰਦ ਸੀ ਅਤੇ ਉਨ੍ਹਾਂ ਨੇ ਆਪਣੀ ਸਾਰੀ ਕਾਰਵਾਈ ਸਰਕਾਰ ਦੀ ਮਰਜ਼ੀ ਅਨੁਸਾਰ ਕਰਨ ਦਾ ਭਰੋਸਾ ਦਿਵਾਇਆ। ਭਾਈ ਰੂੜ ਸਿੰਘ ਅੰਮ੍ਰਿਤਸਰ ਪੁਜੇ ਕੂਕਿਆਂ ਦਾ ਆਗੂ ਸੀ। ਉਹ ਸੁਪ੍ਰਿੰਟੈਂਡੈਂਟ ਪੋਲੀਸ ਕੈਪਟਨ ਮੈਨਜ਼ੀਜ਼ ਪਾਸ ਪੁੱਜਾ ਤੇ ਮੇਲੇ ਦੇ ਮੌਕੇ ਤੇ ਆਪਣੇ ਵਰਤਾਉ ਸੰਬੰਧੀ ਸਰਕਾਰੀ ਹਦਾਇਤਾਂ ਪੁੱਛੀਆਂ ਤਾਂ ਕਿ ਕੂਕੇ ਉਨ੍ਹਾਂ ਤੇ ਅਮਲ ਕਰਨ। ਇਸ ਮੌਕੇ ਤੇ ਦਰਬਾਰ ਸਾਹਿਬ ਵਿਚ ਕੂਕਿਆਂ ਦਾ ਪ੍ਰਸ਼ਾਦਿ ਪ੍ਰਵਾਣ ਕਰ ਲਿਆ ਗਿਆ ਤੇ ਅਰਦਾਸ ਕਰ ਦਿਤੀ ਗਈ ਪਰ ਬਾਬਾ ਅਟੱਲ ਦੇ ਗੁਰਦਵਾਰੇ ਵਾਲਿਆਂ ਨੇ ਨਾਂਹ ਕਰ ਦਿੱਤੀ। ਇਸ ਸੰਬਧੀ ਕੂਕਿਆਂ ਨੂੰ ਭਾਵੇਂ ਰੰਜਸ਼ ਤੇ ਸ਼ਿਕਾਇਤ ਭੀ ਸੀ ਪਰ ਫਿਰ ਭੀ ਉਨ੍ਹਾਂ ਦਾ