ਪੰਨਾ:ਕੂਕਿਆਂ ਦੀ ਵਿਥਿਆ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਨੰਦਪੁਰ ਦਾ ਹੋਲਾ

੭੫

ਸਿੰਘ ਨੇ ਕਿਹਾ ਕਿ ਜੇ ਕੂਕੇ ਗੁਰਦਵਾਰੇ ਦੇ ਅੰਦਰ ਸਿਰ ਨੰਗੇ ਨਾ ਕਰਨ, ਮਸਤੀ ਵਿਚ ਕੇਸ ਨਾ ਖਿਲਾਰਣ, ਕੂਕਾਂ ਨਾ ਮਾਰਨ ਤੇ ਕੋਈ ਐਸੀ ਗੱਲ ਨਾ ਕਰਨ ਜੋ ਗੁਰਦਵਾਰੇ ਦੀ ਰੂਹ-ਰੀਤ ਦੇ ਵਿਰੁਧ ਹੋਵੇ ਅਤੇ ਹੋਰ ਸਿਖਾਂ ਦੀ ਤਰ੍ਹਾਂ ਯਾਤ੍ਰਾ ਕਰਨ ਤਾਂ ਉਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਕਰਨਲ ਐਕਐਂਡਰੀਊ ਆਦਿ ਨੇ ਭਰੋਸਾ ਦਿਵਾਇਆ ਕਿ ਇਨਾਂ ਗੱਲਾਂ ਦਾ ਪ੍ਰਬੰਧ ਕਰ ਦਿੱਤਾ ਜਾਏਗਾ।

ਸ਼ਾਮ ਨੂੰ ਕਰਨਲ ਮੈਕਐਂਡਰੀਊ ਨੇ ਸਰਦਾਰ ਅਤਰ ਸਿੰਘ ਰਾਹੀਂ ਮਹੰਤ ਹਰੀ ਸਿੰਘ ਨੂੰ ਸੁਨੇਹਾ ਭੇਜਿਆ ਕਿ ਹੁਣ ਜਦ ਕਿ ਅਸੀਂ ਜ਼ਰੂਰੀ ਪ੍ਰਬੰਧ ਕਰ ਦੇਣਾ ਪ੍ਰਵਾਨ ਕਰ ਲਿਆ ਹੈ, ਜੇ ਕੋਈ ਫਸਾਦ ਹੋ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਮਹੰਤ ਦੇ ਸਿਰ ਹੋਵੇਗੀ। ਮਹੰਤ ਹਰੀ ਸਿੰਘ ਨੇ ਸਵੇਰ ਦੀ ਗੱਲ-ਬਾਤ ਵਿਚ ਕਿਹਾ ਸੀ ਕਿ ਨਿਹੰਗ ਦੋ ਕੁ ਸੌ ਦੀ ਗਿਣਤੀ ਵਿਚ ਆਪਣੇ ਗੁਰਦੁਆਰੇ ਵਿਚ ਆਏ ਹੋਏ ਹਨ 'ਤੇ ਹੋ ਸਕਦਾ ਹੈ ਉਨ੍ਹਾਂ ਵਲੋਂ ਕੋਈ ਫਸਾਦ ਹੋ ਜਾਏ। ਮੇਕਐਂਡਰੀਉ ਨੇ ਨਿਹੰਗਾਂ ਦੇ ਮਹੰਤ ਨੂੰ ਬੁਲਾਇਆ ਤੇ ਪਰਕਿਨਜ਼ ਨੇ ਕਿਹਾ ਕਿ ਨਿਹੰਗਾਂ ਵਲੋਂ ਬਿਲਕੁਲ ਚੁਪ-ਚਾਪ ਰਹੇ, ਨਹੀਂ ਤਾਂ ਉਨ੍ਹਾਂ ਲਈ ਠੀਕ ਨਹੀਂ ਹੋਵੇਗਾ। ਇਸ ਤਰ੍ਹਾਂ ਸਭ ਪ੍ਰਬੰਧ ਤਸੱਲ-ਬਖਸ਼ ਪ੍ਰਤੀਤ ਹੋਏ।

੧੯ ਮਾਰਚ ਸੰਨ ੧੮੬੭ ਨੂੰ ਸਵੇਰੇ ਭਾਈ ਰਾਮ ਸਿੰਘ ਆਨੰਦਪੁਰ ਪੁੱਜੇ। ਉਨ੍ਹਾਂ ਦੇ ਨਾਲ ੨੧ ਸੂਬੇ* ਘੋੜ-ਸਵਾਰ ਤੇ ਢਾਈ ਕੁ ਹਜ਼ਾਰ ਪੈਦਲ ਆਦਮੀ ਝੰਡਿਆਂ ਤੇ ਨਗਾਰਿਆਂ ਨਾਲ ਸਨ। ਜਿਸ ਵੇਲੇ ਭਾਈ ਰਾਮ ਸਿੰਘ ਤੇ ਉਨਾਂ ਦੀ ਵਹੀਰ ਮੈਕਐਂਡਰੀਉ ਦੇ ਕੈਂਪ ਦੇ ਸਾਹਮਣਿਓਂ ਲੰਘੇ ਤਾਂ ਇਸ ਨੇ ਭਾਈ ਸੁਧ ਸਿੰਘ ਨੂੰ,


*ਫਜ਼ਲ ਹੁਸੈਨ ਇੰਸਪੈਕਟਰ ਪੋਲੀਸ ਹੁਸ਼ਿਆਰਪੁਰ ੨੦ ਮਾਰਚ ੧੯੬੭ ਦੀ ਰੀਪੋਰਟ ਵਿਚ ਲਿਖਦਾ ਹੈ ਕਿ ਇਸ ਵੇਲੇ ਭਾਈ ਜੋਤਾ ਸਿੰਘ ਤੋਂ ਬਿਨਾਂ ਸਾਰੇ ਹੀ ਸੂਬੇ ਭਾਈ ਰਾਮ ਸਿੰਘ ਦੇ ਨਾਲ ਸਨ।