ਪੰਨਾ:ਕੂਕਿਆਂ ਦੀ ਵਿਥਿਆ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੮੦

ਕੂਕਿਆਂ ਦੀ ਵਿਥਿਆ

ਇਸ ਦਾ ਜਵਾਬ ਭਾਈ ਰਾਮ ਸਿੰਘ ਨੇ ਇਹ ਦਿੱਤਾ ਕਿ ਜੇ ਤੁਸੀਂ ਠੀਕ ਸਿਖੀ ਦੇ ਪਾਬੰਦ ਹੋਵੋ ਤਾਂ ਤੁਹਾਨੂੰ ਸਾਡੇ ਤਰੀਕਿਆਂ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ। ਤੁਸੀਂ ਮਾਸ ਖਾਣ, ਸ਼ਰਾਬ ਪੀਣ, ਕੂੜ ਮਾਰਨ, ਵਿਭਚਾਰ, ਅਤੇ ਕੁੜੀਆਂ ਮਾਰਨ ਵਿਚ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦਾ ਉਲੰਘਣ ਕਰਦੇ ਹੋ, ਇਸ ਲਈ ਕੂਕੇ ਤੁਹਾਨੂੰ ਸਿਖ ਨਹੀਂ ਸਮਝਦੇ। ਕੂਕੇ ਭਜਨ ਕਰਦੇ ਹੋਏ ਇਤਨੇ ਬੇ-ਸੁਧ ਹੋ ਜਾਂਦੇ ਹਨ ਕਿ ਓਹ ਸਿਖਾਂ ਵਾਂਗੂੰ ਆਪਣੇ ਕੇਸਾਂ ਤੇ ਪਗੜੀਆਂ ਦਾ ਖਿਆਲ ਹੀ ਨਹੀਂ ਕਰਦੇ।

ਇਸ ਮੇਲੇ ਤੇ ਕੋਈ ਅੱਠ ਕੁ ਹਜ਼ਾਰ ਕੂਕਾ ਆਇਆ ਹੋਇਆ ਸੀ, ਜਿਨ੍ਹਾਂ ਵਿਚ ਦੋ ਹਿੱਸੇ ਆਦਮੀ ਸਨ ਤੇ ਤੀਸਰਾ ਹਿੱਸਾ ਇਸਤ੍ਰੀਆਂ ਤੇ ਬਚੇ ਸਨ। ਭਾਈ ਰਾਮ ਸਿੰਘ ਤੇ ਉਸ ਦੇ ਸੂਬਿਆਂ ਦੀ ਸਵਾਰੀ ਲਈ ਚਾਲੀ ਘੜੇ ਸਨ ਤੇ ਜਲੂਸ ਵੇਲੇ ਉਨ੍ਹਾਂ ਦੇ ਅੱਗੇ ਅੱਗੇ ਝੰਡੇ ਝੂਲਦੇ ਤੇ ਨਗਾਰੇ ਵਜਦੇ ਜਾਂਦੇ ਸਨ।

ਇਸ ਮੇਲੇ ਦੇ ਮੌਕੇ ਤੇ ਕੋਈ ਪੰਜਾਹ ਕੁ ਨਵੇਂ ਕੂਕੇ ਬਣੇ। ਸੋਢੀਆਂ ਵਿਚੋਂ ਪ੍ਰਤਾਪ ਸਿੰਘ ਰਸੌਲੀ-ਵਾਲਾ ਤੇ ਉਸ ਦਾ ਪੁਤ੍ਰ ਦੇਵਾ ਸਿੰਘ ਕੂਕੇ ਬਣੇ, ਅਤੇ ਸੋਢੀ ਨਰਿੰਦਰ ਸਿੰਘ ਕੁਰਾਲੀ-ਵਾਲਾ ਤੇ ਸੋਢੀ ਹੀਰਾ ਸਿੰਘ ਨੇ ਇੱਛਾ ਪ੍ਰਗਟ ਕੀਤੀ। ਇੰਸਪੈਕਟਰ ਪੀਰ ਫ਼ਜ਼ਲ ਹੁਸੈਨ ੨੦ ਮਾਰਚ ੧੮੬੭ ਦੀ ਆਪਣੀ ਰੀਪੋਰਟ ਵਿਚ ਲਿਖਦਾ ਹੈ ਕਿ ਮੁਸਲਮਾਨਾਂ ਵਿਚੋਂ ਭੀ ਕੁਝ ਆਦਮੀ ਕੂਕੇ ਬਣੇ ਹੋਏ ਹਨ। ਇਹ ਸਾਰੇ ਅਨਪੜ੍ਹ ਤੇ ਛੋਟੀਆਂ ਜਾਤਾਂ ਵਿਚੋਂ ਹਨ, ਜਿਨ੍ਹਾਂ ਨੂੰ ਭਾਈ ਰਾਮ ਸਿੰਘ ਤੇ ਉਸ ਦੇ ਸੂਬੇ ਇਹ ਹੀ ਦਸਦੇ ਹਨ ਕਿ ਇਨ੍ਹਾਂ ਦਾ ਧਰਮ ਤੇ ਇਸਲਾਮ ਇੱਕੋ ਹੀ ਹਨ। ਇਸ ਤੋਂ ਬਿਨਾਂ ਕਈ ਮੁਸਲਮਾਨ ਭੀ ਐਸੇ ਹਨ ਜੋ ਕੂਕਿਆਂ ਦੀ ਧਾਰਮਕ ਰਹੁ-ਰੀਤ ਨੂੰ ਬੜਾ ਚੰਗਾ ਆਖਦੇ ਹਨ। ਭਾਈ ਰਾਮ ਸਿੰਘ ਦਿਨ ਵਿਚ ਤਿੰਨ ਵਾਰੀ ਅਸ਼ਨਾਨ ਕਰਦਾ