ਪੰਨਾ:ਕੇਸਰ ਕਿਆਰੀ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਕੋਈ ਹੱਸੇ, ਕੋਈ ਗਾਵੇ,
ਕੋਈ ਨੱਚੇ, ਕੋਈ ਗਿੱਧਾ ਪਾਵੇ,
ਕੋਈ ਕਿਸੇ ਨੂੰ ਗੁਝੀਆਂ ਲਾਵੇ,
ਅਖ ਦੀ ਸੈਨਤ ਮਾਰ,
ਜੋਗਣੇ ! ਉਠ ਕੇ ਛੇੜ ਸਤਾਰ ।

੬. ਸੁੱਤੀਆਂ ਸੁਰਤਾਂ ਸੌਣ ਜਗਾਈਆਂ,
ਸਜਣਾਂ ਨਾਲ ਪਰੀਤਾਂ ਲਾਈਆਂ,
ਸੌਹਾਂ ਸੁਗੰਧਾਂ ਚੇਤੇ ਆਈਆਂ,
ਬਿਹਬਲ ਹੋ ਗਿਆ ਪਿਆਰ,
ਜੋਗਣੇ ! ਉਠ ਕੇ ਛੇੜ ਸਤਾਰ ।

੭. ਛੇੜ ਸਤਾਰ, ਸਰੂਰ ਲਿਆ ਦੇ,
ਨਵਾਂ ਜਿਹਾ ਕੋਈ ਦੇਸ ਵਸਾ ਦੇ,
ਝੋਕੇ ਆਉਣ ਮਸਤ ਹਵਾ ਦੇ,
ਡੁਲ੍ਹ ਡੁਲ੍ਹ ਪਏ ਖ਼ੁਮਾਰ,
ਜੋਗਣੇ ! ਉਠ ਕੇ ਛੇੜ ਸਤਾਰ ।

੮. ਭਰ ਭਰ ਜਾਮ ਪਿਆਵੇ ਸਾਕ਼ੀ,
ਹਸਰਤ ਕੋਈ ਨ ਰਹਿ ਜਾਏ ਬਾਕੀ,
ਰਬ ਤੋਂ ਭੀ ਹੋ ਬਹੀਏ ਆਕੀ,
ਆਵੇ ਐਸੀ ਤਾਰ,
ਜੋਗਣੇ ! ਉਠ ਕੇ ਛੇੜ ਸਤਾਰ ।

-੬੯-