ਪੰਨਾ:ਕੇਸਰ ਕਿਆਰੀ.pdf/103

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੩. ਜੋਗੀ.

ਟੁਕ ਸੁੰਨ-ਸਮਾਧ ਹਟਾ ਜੋਗੀ !
ਕੋਈ ਰਾਗ ਰਸੀਲਾ ਗਾ ਜੋਗੀ !

੧. ਚੁਪ ਸਾਧੀ ਊ ਢੇਰ ਜ਼ਮਾਨੇ ਦੀ,
ਕੁਝ ਸੁਧ ਭੀ ਲੈ ਬੁਤਖ਼ਾਨੇ ਦੀ,
ਛਡ ਝਾਕ ਜਹਾਨ ਬਿਗਾਨੇ ਦੀ,
ਕੁਟੀਆ ਵਿਚ ਜੋਤ ਜਗਾ ਜੋਗੀ ।

੨. ਤੇਰਾ ਦਿਲ ਦੁਨੀਆਂ ਤੋਂ ਨਸਦਾ ਹੈ,
ਗੁੰਝਲਾਂ ਵਿਚ ਜਾ ਜਾ ਫਸਦਾ ਹੈ,
ਪਰ ਰਬ ਤਕ ਤਕ ਕੇ ਹਸਦਾ ਹੈ,
ਇਹ ਤੇਰਾ ਅਜਬ ਸੁਦਾ ਜੋਗੀ ।

੩. ਰਬ ਫੜਨਾ ਜੀ ਤਾਂ ਚਾਹੁੰਦਾ ਹੈ,
ਪਰ ਰਬ ਵੀ ਫੜਿਆ ਜਾਂਦਾ ਹੈ ?
ਜੋ ਘਰ ਘਰ ਹਸਦਾ ਗਾਂਦਾ ਹੈ,
ਉਸ ਜੀਉਂਦੇ ਰਬ ਨੂੰ ਪਾ ਜੋਗੀ ।

੪. ਤੂੰ ਚੰਦਨ ਘਸ ਘਸ ਲਾਂਦਾ ਹੈਂ,
ਪਰ ਗਿਰਦੇ ਝਾਤ ਨ ਪਾਂਦਾ ਹੈਂ,
ਠੰਢਕ ਨੂੰ ਪੋਹਣ ਨ ਦੇਂਦੀ ਹੈ-
ਬਾਹਰ ਦੀ ਗਰਮ ਹਵਾ ਜੋਗੀ ।

੫. ਉਠ ਦੇਖ ਕਿਧਰ ਛਾਂ ਢਲਦੀ ਹੈ,
ਵਾ ਕਿਸੇ ਪਾਸੇ ਦੀ ਚਲਦੀ ਹੈ,
ਜੋ ਅਗਨ ਚੁਫੇਰੇ ਬਲਦੀ ਹੈ,
ਕਰ ਉਸ ਦਾ ਕੋਈ ਉਪਾ ਜੋਗੀ ।

-੭੨-