ਪੰਨਾ:ਕੇਸਰ ਕਿਆਰੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਜਿੱਧਰ ਵੇਖਿਆ, ਤੇਰੀ ਹੀ ਸ਼ਾਨ ਸੀ,
ਜੋ ਕੁਝ ਲੱਭਿਆ, ਤੇਰਾ ਹੀ ਦਾਨ ਸੀ,
ਤੇਰੇ ਦਮ ਥੀਂ ਵੱਸਦਾ ਜਹਾਨ ਸੀ,
ਤੂੰਹੇਂ ਜਾਨ ਸੈਂ ਇਸ ਗੁਲਜ਼ਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੬. ਜਾਂ ਤੂੰ ਆਣ ਬਰੂਹਾਂ ਸਜਾਈਆਂ,
ਸੱਭੇ ਬਰਕਤਾਂ ਘਰ ਵਿਚ ਆਈਆਂ,
ਮੂੰਹੋਂ ਮੰਗੀਆਂ ਦੌਲਤਾਂ ਪਾਈਆਂ,
ਆਈ ਖ਼ਿਜ਼ਾਂ ਤੇ ਸ਼ਾਨ ਬਹਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੭. ਮੇਰੀ ਗੁੱਡੀ ਨੂੰ ਤੂੰਹੇਂ ਚੜ੍ਹਾਇਆ,
ਮੈਨੂੰ ਜਗ ਵਿਚ ਅਮਰ ਬਣਾਇਆ,
ਮੇਰੀ ਆਬ ਨੂੰ ਤੂੰ ਚਮਕਾਇਆ,
ਰਹੀਓਂ ਅੰਦਰ ਬਾਹਰ ਸ਼ਿੰਗਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੮. ਤੂੰਹੇਂ ਥਾਂ ਥਾਂ ਖੇਡਾਂ ਖਿਲਾਰੀਆਂ,
ਤੇਰੇ ਨਾਲ ਨੇ ਸਾਂਝਾਂ ਸਾਰੀਆਂ,
ਸਾਕਾਦਾਰੀਆਂ, ਕੁੜਮਾਚਾਰੀਆਂ,
ਤੂੰਹੇਂ ਰੌਣਕ ਇਸ ਸੰਸਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

-੮੧-