ਪੰਨਾ:ਕੇਸਰ ਕਿਆਰੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯. ਤਪ ਖਪ ਕੇ ਜਦ ਮੈਂ ਆਇਆ,
ਤੇਰੇ ਪ੍ਰੇਮ ਨੇ ਕੌਲ ਖਿੜਾਇਆ,
ਸਾਰਾ ਫ਼ਿਕਰ ਪਰੇ ਸੁੱਟ ਪਾਇਆ,
ਡਿੱਠੀ ਸੂਰਤ ਜਦ ਗ਼ਮਖਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੧੦. ਜਿੱਥੇ ਹਿੰਮਤ ਢਾਹੀਆਂ ਢੇਰੀਆਂ,
ਤੂੰਹੇਂ ਦਿੱਤੀਆਂ ਹੱਲਾ ਸ਼ੇਰੀਆਂ,
ਤੂੰਹੇਂ ਦਿਲ ਦੀਆਂ ਕੁੰਜੀਆਂ ਫੇਰੀਆਂ,
ਰਹੀਓਂ ਡੁਬਦੀਆਂ ਬੇੜੀਆਂ ਤਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੧੧. ਜਾਂ ਮੈਂ ਰਣ ਵੱਲ ਪੈਰ ਵਧਾਇਆ,
ਸਗਨਾਂ ਨਾਲ ਤੂੰ ਖੜਗ ਫੜਾਇਆ,
ਮੇਰਾ ਜਿਗਰਾ ਸ਼ੇਰ ਬਣਾਇਆ,
ਜਾ ਜਾ ਨਾਲ ਰਹੀਓਂ ਲਲਕਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੧੨. ਪੈਰ ਥਿੜਕਿਆ ਜਦ ਭਲਿਆਈਓਂ,
ਤੂੰਹੇਂ ਰਾਹਬਰ ਬਣ ਕੇ ਆਈਓਂ,
ਦਿੱਤਾ ਡੋਲਣ ਨਾ ਸਚਿਆਈਓਂ,
ਰਹੀਓਂ ਵਿਗੜੀ ਪੈਜ ਸੁਆਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

-੮੨-